ਅਖ਼ਬਾਰ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਅੱਜਕੱਲ੍ਹ ਦੇ ਕੰਪਿਊਟਰ ਯੁੱਗ ਵਿਚ ਪੂਰੀ ਦੁਨੀਆ ਗਲੋਬਲ ਪਿੰਡ ਬਣ ਗਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਦੁਨੀਆ ਵਿਚ ਕਿਤੇ ਵੀ ਵਾਪਰੀ ਕੋਈ ਨਿੱਕੀ-ਵੱਡੀ ਘਟਨਾ ਦੀ ਸੂਚਨਾ ਇੰਟਰਨੈਟ, ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਰਾਹੀਂ ਮਿੰਟਾਂ-ਸਕਿੰਟਾਂ ਵਿਚ ਮਿਲ ਜਾਂਦੀ ਹੈ। ਨਿੱਤ ਬਦਲ ਰਹੀ ਤਕਨੀਕ ਕਾਰਨ ਜਦੋਂ ਕਾਗਜ਼ ‘ਤੇ ਛਪਦੇ ਪੁਰਾਣੇ ਅਖ਼ਬਾਰਾਂ ਦੀ ਹੋਂਦ ਬਰਕਰਾਰ ਰਹਿਣ ‘ਤੇ ਹੀ ਸਵਾਲ ਖੜ੍ਹੇ ਹੋ ਰਹੇ ਹੋਣ।

ਇਹ ਇਕ ਕੌੜਾ ਸੱਚ ਹੈ ਕਿ ਪਿਛਲੇ ਸਾਲਾਂ ਦੌਰਾਨ ਪੰਜਾਬੀ ਵਿਚ ਬਹੁਤ ਅਖ਼ਬਾਰ ਅਤੇ ਮੈਗਜ਼ੀਨ ਸ਼ੁਰੂ ਹੋਏ ਪਰ ਉਨ੍ਹਾਂ ‘ਚੋਂ ਬਹੁਤੇ ਕੁਝ ਮਹੀਨੇ ਚੱਲ ਕੇ ਬੰਦ ਹੋ ਗਏ। ਕਹਿਣ ਦਾ ਭਾਵ ਇਹ ਹੈ ਕਿ ਪੰਜਾਬੀ ਪ੍ਰਿੰਟ ਮੀਡੀਆ ਦਾ ਦਾਇਰਾ ਓਨਾ ਜ਼ਿਆਦਾ ਨਹੀਂ ਹੈ। ਇਹਨਾ ਦੀ ਹੋਂਦ ਨਾਮਾਤਰ ਰਹੀ ਹੈ। ਵਿੱਤੀ ਸੋਮਿਆਂ ਦੀ ਘਾਟ ਨਾਲ ਪੰਜਾਬੀ ਪ੍ਰਿੰਟ ਮੀਡੀਆ, ਖ਼ਾਸ ਤੌਰ ‘ਤੇ ਅਖ਼ਬਾਰਾਂ ਹਮੇਸ਼ਾ ਜੂਝਦੀਆਂ ਰਹੀਆਂ ਹਨ। ਹੋਰ ਵੀ ਅਨੇਕਾਂ ਸਮੱਸਿਆਵਾਂ ਹਨ ਜੋ ਪੰਜਾਬੀ ਅਖ਼ਬਾਰਾਂ ਅੱਗੇ ਮੂੰਹ ਅੱਡੀ ਖੜ੍ਹੀਆਂ ਹਨ।
ਇਸ ਸਭ ਤੋਂ ਬੇਪ੍ਰਵਾਹ ਹੋ ਕੇ ਪਿਛਲੇ  ਸਾਲਾਂ ਤੋਂ ‘ਪੰਜਾਬੀ ਅਖ਼ਬਾਰ ਨਿਰੰਤਰ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਹੋਇਆ ਇਕ ਅਜਿਹੇ ਮੁਕਾਮ ‘ਤੇ ਪਹੁੰਚ ਚੁੱਕਾ ਹੈ ਜਿਸ ‘ਤੇ ਪਹੁੰਚਣ ਲਈ ਦਹਾਕੇ ਲੱਗ ਜਾਂਦੇ ਹਨ। ਇਸ ਗੱਲ ਦੀ ਸ਼ਲਾਘਾ ਕਰਨੀ ਬਣਦੀ ਹੈ। ਇਸ ਤੋਂ ਇਲਾਵਾ ਇਹ ਅਖ਼ਬਾਰ ਹੱਕ, ਸੱਚ ਦਾ ਪਹਿਰੇਦਾਰ ਬਣ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਲੰਬਰਦਾਰ ਬਣ ਕੇ ਸਾਹਮਣੇ ਆਇਆ ਹੈ। ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ‘ਪੰਜਾਬੀ  ਅਖ਼ਬਾਰ ਨੇ ਛੋਟੇ ਜਿਹੇ ਅਰਸੇ ਦੌਰਾਨ ਹੀ ਸੰਦਲੀ ਪੈੜਾਂ ਪਾਈਆਂ ਹਨ।
ਅਖ਼ਬਾਰਾਂ ਦੇ ਇਤਿਹਾਸ ਦੇ ਪੰਨੇ ਫਰੋਲਦਿਆਂ ਪਤਾ ਲੱਗਦਾ ਹੈ ਕਿ ‘ਅਖ਼ਬਾਰ’ ਦਾ ਜਨਮ 17ਵੀਂ ਸਦੀ ਵਿਚ ਹੋਇਆ, ਭਾਵੇਂ ਉਸ ਸਮੇਂ ਹੱਥ-ਲਿਖਤ ਅਖ਼ਬਾਰ ਹੀ ਸ਼ੁਰੂ ਹੋਏ ਸਨ। ਸੰਨ 1848 ਵਿਚ ਪੈਰਿਸ ਵਿਖੇ ਪਹਿਲੀ ਵਾਰੀ ਅਖ਼ਬਾਰ ਨੂੰ ਵੰਡਣ ਵਾਸਤੇ ਪੈਕਿੰਗ ਕੀਤੀ ਗਈ। ਜੇ ਰੋਮਨ ਸਾਮਰਾਜ ਦੀ ਗੱਲ ਕੀਤੀ ਜਾਵੇ ਤਾਂ ਜੂਲੀਅਸ ਸੀਜ਼ਰ ਦੇ ਹੁਕਮਾਂ ਨਾਲ ਸਰਕਾਰੀ ਸੂਚਨਾਵਾਂ ਲੋਕਾਂ ਨੂੰ ਦੇਣ ਲਈ ‘ਐਕਟਾ ਡੀਰੂਨਾ’ ਬੁਲੇਟਨ ਨੂੰ ਛਾਪਿਆ ਜਾਂਦਾ ਸੀ। ਇਸੇ ਤਰ੍ਹਾਂ ਭਾਰਤ ਦੇ ਗੁਆਂਢੀ ਮੁਲਕ ਚੀਨ ਵਿਚ ਵੀ ਸਦੀਆਂ ਪਹਿਲਾਂ ਅਖ਼ਬਾਰ ਹੋਂਦ ਵਿਚ ਆ ਗਿਆ ਸੀ। ਯੂਰਪ ਅਤੇ ਹੋਰ ਦੇਸ਼ਾਂ ਵਿਚ ਸ਼ੁਰੂ-ਸ਼ੁਰੂ ਵਿਚ ਅਖ਼ਬਾਰ ਇਕ ਸਰਕਾਰੀ ਬੁਲੇਟਨ ਹੀ ਹੁੰਦੇ ਸਨ ਜਿਨ੍ਹਾਂ ਵਿਚ ਸਰਕਾਰ ਦੇ ਆਦੇਸ਼ਾਂ, ਨੀਤੀਆਂ, ਨੋਟਿਸਾਂ ਅਤੇ ਕੰਮਾਂ ਦਾ ਹੀ ਵੇਰਵਾ ਹੁੰਦਾ ਸੀ। ਹੌਲੀ-ਹੌਲੀ ਛਾਪਾਖਾਨਾ ਹੋਂਦ ਵਿਚ ਆ ਗਿਆ। ਫਿਰ ਅਖ਼ਬਾਰ ਹੱਥਾਂ ਨਾਲ ਚਲਦੀਆਂ ਪ੍ਰਿਟਿੰਗ ਮਸ਼ੀਨਾਂ ਨਾਲ ਛਪਣ ਲੱਗੇ। ਜੇ ਹੁਣ ਪੰਜਾਬੀ ਅਖਬਾਰਾਂ ਦੀ ਗੱਲ ਕਰੀਏ ਤਾਂ ਪੰਜਾਬੀ ਦੇ ਸ਼ੁਰੂਆਤੀ ਅਖ਼ਬਾਰ ਪਹਿਲਾਂ ਹੱਥ ਨਾਲ ਲਿਖ ਕੇ ਤਿਆਰ ਕੀਤੇ ਜਾਂਦੇ ਸਨ। ਫਿਰ ਅਖ਼ਬਾਰਾਂ ਵਿਚ ਪਹਿਲਾਂ ਖ਼ਬਰਾਂ ਤੇ ਲੇਖ ਟਾਈਪ ਮਸ਼ੀਨਾਂ ਉਪਰ ਟਾਈਪ ਕੀਤੇ ਜਾਂਦੇ ਸਨ ਅਤੇ ਸਿੱਕੇ ਨਾਲ ਪੇਜ ਤਿਆਰ ਕਰ ਕੇ ਅਖ਼ਬਾਰ ਛਾਪੇ ਜਾਂਦੇ ਸਨ। ਅਜੋਕੇ ਸਮੇਂ ਅਖ਼ਬਾਰ ਕੰਪਿਊਟਰ ‘ਤੇ ਤਿਆਰ ਕੀਤੇ ਜਾਂਦੇ ਹਨ। ਹੁਣ ਤਾਂ ਅਖ਼ਬਾਰ ਤਿਆਰ ਕਰਨ ਤੋਂ ਬਾਅਦ ਜਦੋਂ ਇਹ ਛਪ ਰਿਹਾ ਹੁੰਦਾ ਹੈ ਤਾਂ ਨਾਲ ਦੀ ਨਾਲ ਉਸ ਨੂੰ ਵੈੱਬਸਾਈਟ ‘ਤੇ ਪਾ ਦਿੱਤਾ ਜਾਂਦਾ ਹੈ। ਵੈੱਬਸਾਈਟ ‘ਤੇ ਅਪਲੋਡ ਕੀਤਾ ਅਖ਼ਬਾਰ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਇੰਟਰਨੈਟ ‘ਤੇ ਪੜ੍ਹਿਆ ਜਾ ਸਕਦਾ ਹੈ।
ਅਖ਼ਬਾਰਾਂ ਵਿਚ ਵਿਸ਼ੇਸ਼ ਦਿਨਾਂ ਅਤੇ ਤਿਉਹਾਰਾਂ ਮੌਕੇ ਵਿਸ਼ੇਸ਼ ਲੇਖ ਛਾਪੇ ਜਾਂਦੇ ਹਨ ਜੋ ਕਿ ਸੰਪਾਦਕੀ ਅਮਲੇ ਦੀ  ਕਸੌਟੀ ‘ਤੇ ਪਰਖੇ ਜਾਣ ਮਗਰੋਂ ਹੀ ਛਪਦੇ ਹਨ। ‘ਅਖ਼ਬਾਰਾਂ ਨੇ ਖ਼ਬਰਾਂ ਰਾਹੀਂ ਜਾਣਕਾਰੀ ਦੇਣ, ਲੇਖਾਂ ਰਾਹੀਂ ਗਿਆਨ ਵਿਚ ਵਾਧਾ ਕਰਨ ਦੇ ਨਾਲ ਹੀ ਆਮ ਲੋਕਾਂ ਵਿਚ ਭਾਈਚਾਰਕ ਸਾਂਝ ਵਧਾਉਣ ਦਾ ਕੰਮ ਕਰਦੇ ਹਨ । ਇਸ ਦੇ ਸਫਰ ਦੌਰਾਨ ਇਹਨਾ ਅਖ਼ਬਾਰਾਂ ਨੇ ਨਿਰਪੱਖ ਭੂਮਿਕਾ ਨਿਭਾਉਂਦੇ ਹੋਏ ਪਾਠਕਾਂ, ਲੇਖਕਾਂ ਅਤੇ ਸਮਾਜ ਦੇ ਹਰ ਵਰਗ ਨਾਲ ਸਬੰਧਤ ਲੋਕਾਂ ਦੇ ਦਿਲਾਂ ‘ਚ ਡੂੰਘੀ ਅਤੇ ਨਵੇਕਲੀ ਥਾਂ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਬੇਸ਼ੱਕ ਇੰਟਰਨੈੱਟ ਨੇ ਬਹੁਤ ਤਰੱਕੀ ਕੀਤੀ ਹੈ, ਹਰ ਖ਼ਬਰ ਮਿੰਟਾਂ ਸੈਕਿੰਡਾਂ ਵਿਚ ਲੋਕਾ ਤੱਕ ਪਹੁੰਚਦੀ ਹੈ, ਜੋ ਅਖ਼ਬਾਰਾਂ ਰਾਹੀ ਅਗਲੇ ਦਿਨ ਤੱਕ ਲੋਕਾ ਤੱਕ ਪਹੁੰਚਦੀ ਸੀ, ਪਰ ਅਖ਼ਬਾਰਾਂ ਦੀ ਹੋਂਦ ਅੱਜ ਵੀ ਬਰਕਰਾਰ ਹੈ, ਅਖ਼ਬਾਰ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ, ਅਖ਼ਬਾਰ ਨੂੰ ਆਮ ਪਰਾਣੇ ਲੋਕ ਵੀ ਪੜ ਸਕਦੇ ਹਨ ਜਿਨਾਂ ਨੂੰ ਇੰਟਰਨੈੱਟ ਬਾਰੇ ਬਹੁਤੀ ਸੂਝ ਨਹੀ ਹੈ।