ਅਜੋਕੇ ਸਮਾਜ ‘ਚ ਮਾਪੇ- ਔਲਾਦ ਤੇ ਬੇਦਖਲੀਆਂ

ਲੇਖ਼ਕ: ਭਾਰਤ ਭੂਸ਼ਨ ਆਜ਼ਾਦ, ਕੋਟਕਪੂਰਾ

ਹਰ ਮਾਂ-ਬਾਪ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਜੀਵਨ ‘ਚ ਭਰਪੂਰ ਮਿਹਨਤ ਕਰਦਾ ਹੈ ਤਾਂ ਜੋ ਉਸ ਦੀ ਔਲਾਦ ਆਪਣੀ ਜ਼ਿੰਦਗੀ ‘ਚ ਹਮੇਸ਼ਾਂ ਤਰੱਕੀ ਕਰਕੇ ਆਪਣੇ ਪੈਰਾਂ ‘ਤੇ ਖੜੀ ਹੋ ਸਕੇ। ਕੋਈ ਸਮਾਂ ਸੀ ਜਦ ਮਾਪੇ ਆਪਣੀ ਜ਼ਿੰਦਗੀ ‘ਚ ਬੈਲ ਗੱਡੀਆਂ ਨੂੰ ਜੋੜਕੇ ਸਖ਼ਤ ਮਿਹਨਤ ਕਰਕੇ ਬੱਚਿਆਂ ਨੂੰ ਕਮਾਈਆਂ ਕਰਕੇ ਦਿੰਦੇ ਸਨ। ਇਹਨਾਂ ਕਮਾਈਆਂ ਤੋਂ ਹੀ ਮੌਜੂਦਾ ਸਮੇਂ ਔਲਾਦਾਂ ਗੱਡੀਆਂ ਵਿਚ ਬਹਿਣ ਜੋਗੀਆਂ ਹੋਈਆਂ, ਜਿਸ ਤੋਂ ਬਾਅਦ ਸਮਾਜ ਵਿੱਚ ‘ਨੱਥੂ ਬੁੜੈ’ ਦਾ ਪੁੱਤ ਨਛੱਤਰ ਸਿੰਘ ਸਰਦਾਰ ਦਾ ਪੁੱਤ ਅਖਵਾਉਣ ਜੋਗਾ ਹੋਇਆ ਪਰੰਤੂ ਅਜੋਕੇ ਸਮੇਂ ‘ਚ ਆਮ ਸੁਨਣ ਨੂੰ ਮਿਲਦਾ ਹੈ ਕਿ ਸਮਾਜ ਅੰਦਰ ਸਾਡੇ ਬਜ਼ੁਰਗਾਂ ਨੂੰ ਉਹ ਸਨਮਾਨ ਨਹੀਂ ਮਿਲ ਰਿਹਾ ਜਿਸਦੇ ਉਹ ਹੱਕਦਾਰ ਹਨ। ਅਸੀਂ ਅਕਸਰ ਸਮਾਜ ਵਿਚ ਵੇਖਦੇ ਹਾਂ ਕਿ ਬਦਲ ਰਹੇ ਅਜੋਕੇ ਹਾਲਾਤਾਂ ਵਿਚ ਕੁੱਝ ਬੱਚਿਆਂ ਵੱਲੋਂ ਕੁੱਟਮਾਰ ਕਰਕੇ ਆਪਣੇ ਮਾਪਿਆਂ ਨੂੰ ਘਰੋਂ ਕੱਢਣਾ ਤੇ ਉਹਨਾਂ ਨੂੰ ਦੋ ਵਕਤ ਦੀ ਰੋਟੀ ਤੋਂ ਮੁਥਾਜ ਰੱਖਣ ਦੀਆਂ ਇਹ ਗੈਰ-ਸਮਾਜਿਕ ਘਟਨਾਵਾਂ ਵਾਪਰ ਰਹੀਆਂ ਹਨ?
ਇਹ ਵੀ ਸਹੀ ਹੈ ਕਿ ਇਹ ਗੈਰ-ਮਨੁੱਖੀ ਤੇ ਗੈਰ-ਸਮਾਜਿਕ ਵਰਤਾਰਾ ਇਕੱਲੇ ਗਰੀਬ ਜਾਂ ਮੱਧ ਤਬਕੇ ਅੰਦਰ ਹੀ ਨਹੀਂ ਸਗੋਂ ਉੱਚ ਤਬਕੇ ਅੰਦਰ ਵੀ ਚੱਲ ਰਿਹਾ ਹੈ। ਮੌਜੂਦਾ ਸਮੇਂ ਵਿਚ ਵੇਖਿਆ ਗਿਆ ਕਿ ਇਕ ਉੱਚ-ਸੀਨੀਅਰ ਪ੍ਰਸ਼ਾਸ਼ਨਿਕ ਅਧਿਕਾਰੀ ਦੇ ਪਿਤਾ ਤੇ ਇਕ ਸੀਨੀਅਰ ਪ੍ਰੋਫੈਸਰ ਦੇ ਸਤਿਕਾਰਯੋਗ ਮਾਤਾ ਨੂੰ ਵੀ ਇਹੋ ਜਿਹੇ ਹਾਲਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਕ ਪ੍ਰਸ਼ਾਸ਼ਨਿਕ ਅਧਿਕਾਰੀ ਦਾ ਪਿਤਾ ਬਿਰਧ-ਆਸ਼ਰਮ ‘ਚ ਆਪਣੀ ਜ਼ਿੰਦਗੀ ਦੇ ਬਾਕੀ ਦਿਨ ਗੁਜ਼ਾਰ ਰਿਹਾ ਹੈ ਤੇ ਇਕ ਪ੍ਰੋਫੈਸਰ ਦੀ ਬਿਰਧ ਮਾਤਾ ਥਾਣੇ ‘ਚ ਆਪਣੇ ਪੁੱਤ ਦੇ ਇਸ ਗੈਰ-ਮਨੁੱਖੀ ਵਿਵਹਾਰ ਦੀ ਅਰਜ਼ੀ ਲੈ ਕੇ ਖੜੀ ਪੁਲੀਸ ਤੋਂ ਇਨਸਾਫ਼ ਦੀ ਗੁਹਾਰ ਕਰ ਰਹੀ ਸੀ। ਔਲਾਦ ਤੇ ਮਾਪਿਆਂ ਵਿਚਕਾਰ ਦੂਰੀਆਂ ਨੇ ਹੀ ਅੱਜ ਥਾਂ-ਥਾਂ ‘ਤੇ ਬਿਰਧ ਆਸ਼ਰਮ ਖੁੱਲ੍ਹਵਾ ਦਿੱਤੇ। ਇਹਨਾਂ ਬਿਰਧ-ਆਸ਼ਰਮਾਂ ਵਿਚ ਹਰ ਦਿਨ ਬੱਚਿਆਂ ਤੋਂ ਠੁਕਰਾਏ ਮਾਪਿਆਂ ਦਾ ਆਉਣਾ ਨਿਰੰਤਰ ਜਾਰੀ ਹੈ।
ਪੰਜਾਬੀ ‘ਚ ਛਪਦੇ ਇਕ ਅਖ਼ਬਾਰ ਵਿਚ ਅਸੀਂ ਵੇਖਿਆ ਕਿ ਉਸ ਅਖ਼ਬਾਰ ‘ਚ ਇਕ ਦਿਨ ਵਿਚ ਡੇਢ ਸੌ ਦੇ ਕਰੀਬ ਬੇਦਖਲੀ ਨੋਟਿਸ ਛਪੇ ਸਨ। ਅਗਲੇ ਦਿਨ ਵੀ ਇਹ ਅਖ਼ਬਾਰ ਬਹੁਗਿਣਤੀ ਬੇਦਖਲੀ ਨੋਟਿਸਾਂ ਨਾਲ ਭਰਿਆ ਪਿਆ ਸੀ। ਅਜਿਹੇ ਬੇਦਖਲੀ ਨੋਟਿਸ ਛਾਪਣ ਵਾਲਾ ਇਹ ਇਕੱਲਾ ਪੰਜਾਬੀ ਅਖ਼ਬਾਰ ਨਹੀਂ,ਕਰੀਬ ਸਾਰੇ ਹੀ ਭਾਸ਼ਾਈ ਅਖ਼ਬਾਰ ਇਸ ਤਰਾਂ ਦੇ ਇਸ਼ਤਿਹਾਰ ਛਾਪਦੇ ਹਨ। ਕਿਸੇ ਅਖ਼ਬਾਰ ਵਿਚ ਘੱਟ ਤੇ ਕਿਸੇ ਵਿਚ ਵੱਧ ਗਿਣਤੀ ਵਿਚ ਇਸ ਤਰ੍ਹਾਂ ਦੇ ਇਸ਼ਤਿਹਾਰ ਛਪਦੇ ਰਹਿੰਦੇ ਹਨ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਏਨੀਂ ਵੱਡੀ ਗਿਣਤੀ ਵਿਚ ਰੋਜ਼ ਛਪਦੀਆਂ ਇਹ ਬੇਦਖਲੀਆਂ ਸਾਡੇ ਸਮਾਜ ਨੂੰ ਕਿਸ ਦਿਸ਼ਾ ਵੱਲ ਲੈ ਜਾ ਰਹੀਆਂ ਹਨ? ਅਖ਼ਬਾਰਾਂ ਵਿਚ ਛਪਦੇ ਇਨ੍ਹਾਂ ਬੇਦਖਲੀ ਇਸ਼ਤਿਹਾਰਾਂ ਨੂੰ ਗੌਰ ਨਾਲ ਵਾਚਣ ਤੇ ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਪੰਜਾਬ ‘ਚ ਮੌਜੂਦਾ ਸਮੇਂ ਦੌਰਾਨ ਔਸਤਨ 150 ਤੋਂ 200 ਪਰਿਵਾਰਾਂ ਵਿਚ ਰੋਜ਼ ਬੇਦਖਲੀਆਂ ਹੋ ਰਹੀਆਂ ਹਨ।
ਅਖ਼ਬਾਰਾਂ ‘ਚ ਛਪੇ ਇਸ਼ਤਿਹਾਰਾਂ ਤੋਂ ਅਸੀਂ ਕੁਝ ਪਰਿਵਾਰਾਂ ਨਾਲ ਸੰਪਰਕ ਕਰਕੇ ਇਨਾਂ ਬੇਦਖਲੀਆਂ ਦੇ ਕਾਰਨਾ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵਿਚੋਂ ਕੁੱਝ ਪਰਿਵਾਰਾਂ ਨੇ ਸਾਨੂੰ ਦੱਸਿਆ ਕਿ ਕੁਝ ਪਰਿਵਾਰਾਂ ਨੇ ਬੱਚਿਆਂ ਤੇ ਮਾਪਿਆਂ ਵਿਚਕਾਰ ‘ਜਨਰੇਸ਼ਨ ਗੈਪ’ ਕਰਕੇ ਮਤਭੇਦ ਪੈਂਦਾ ਹੋਣ ਕਾਰਨ ਅਜਿਹਾ ਕੀਤਾ ਹੈ। ਮੌਜੂਦਾ ਸਮੇਂ ਦੌਰਾਨ ਬੱਚੇ ਆਪਣੇ ਮਾਪਿਆਂ ਦੀ ਰੋਕ-ਟੋਕ ਬਿਲਕੁਲ ਬਰਦਾਸ਼ਤ ਨਹੀਂ ਕਰ ਰਹੇ ਹਨ ਤੇ ਆਪਣੇ ਫੈਸਲੇ ਅਜ਼ਾਦ ਰੂਪ ਵਿਚ ਲੈਣਾ ਚਾਹੁੰਦੇ ਹਨ । ਕੁਝ ਪਰਿਵਾਰਾਂ ਨੇ ਸਾਨੂੰ ਇਹ ਵੀ ਦੱਸਿਆਂ ਕਿ ਬੱਚਿਆਂ ਵੱਲੋਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਤੇ ਫਿਰ ਥੋੜੇ ਸਮੇਂ ਮਗਰੋਂ ਘਰੇਲੂ ਕਲੇਸ਼ ਹੋਣ ਕਰਕੇ ਦੋਵੇਂ ਪਤੀ-ਪਤਨੀ ਵਿਚ ਤਣਾਂਅ ਹੋਣ ਕਰਕੇ ਇਕ-ਦੂਜੇ ਤੋਂ ਅੱਡ-ਅੱਡ ਹੋਣ ਕਾਰਨ ਕੁੜੀ ਵਾਲਿਆਂ ਵੱਲੋਂ ਮੁੰਡੇ ਦੇ ਮਾਪਿਆਂ ‘ਤੇ ਕੀਤੀ ਜਾਣ ਵਾਲੀ ਪੁਲੀਸ ਕਾਰਵਾਈ ਤੋਂ ਬਚਣ ਲਈ ਮੁੰਡੇ ਦੇ ਮਾਪਿਆਂ ਵੱਲੋਂ ਅਜਿਹਾ ਕਦਮ ਪੁੱਟਿਆ ਗਿਆ ਹੈ। ਕੁਝ ਪਰਿਵਾਰਾਂ ਨੇ ਆਪਣੇ  ਬੱਚਿਆਂ ਦੀ ਬੇਦਖ਼ਲੀ ਲਈ ਨਸ਼ੇ ਨੂੰ ਵੱਡਾ ਕਾਰਨ ਦੱਸਿਆ ਕਿਉਂਕਿ ਉਹਨਾਂ ਦਾ ਨਸ਼ੇੜੀ ਪੁੱਤ ਨਸ਼ਾ ਕਰਨ ਲਈ ਉਨ੍ਹਾਂ ਦੀ ਕੁੱਟਮਾਰ ਕਰਦੇ ਹਨ। ਇਕ ਪਰਿਵਾਰ ਨੇ ਤਾਂ ਸਾਨੂੰ ਇਹ ਦੱਸਿਆ ਕਿ ਉਹਨਾਂ ਦਾ ਮੁੰਡਾ ਵਿਆਹੁਣ ਮਗਰੋਂ ਇਕ ਔਰਤ ਦੇ ਚੁੰਗਲ ‘ਚ ਫਸ ਗਿਆ ਤੇ ਹੁਣ ਉਸ ਔਰਤ ਕਰਕੇ ਪਰਿਵਾਰ ਦਾ ਮਾਹੌਲ ਪੂਰੀ ਤਰਾਂ ਖਰਾਬ ਹੋ ਗਿਆ ਹੈ। ਜਿਸ ਕਰਕੇ ਉਹਨਾਂ ਨੂੰ ਆਪਣੇ ਪੁੱਤ ਨੂੰ ਬੇਦਖ਼ਲ ਕਰਨਾ ਪਿਆ। ਕੁੱਝ ਪਰਿਵਾਰਾਂ ਨੇ ਇਸਦਾ ਕਾਰਨ ਆਪਣੇ ਬੱਚਿਆਂ ਦੇ ਪੜ੍ਹ-ਲਿਖ ਜਾਣ ਉਪਰੰਤ ਬੇਰੁਜ਼ਗਾਰ ਰਹਿਣ ਕਰਕੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਤੇ ਪੁਲੀਸ ਕਾਰਵਾਈ ਤੋਂ ਬਚਣ ਲਈ ਉਨ੍ਹਾਂ ਨੂੰ ਬੇਦਖਲ ਕੀਤੀ ਹੈ।
ਇਹਨਾਂ ਬੇਦਖ਼ਲੀਆਂ ਤੋਂ ਬਾਅਦ ਮਾਪੇ ਸਰਕਾਰ ਨੂੰ ਪੁੱਛਦੇ ਹਨ ਕਿ ਹੁਣ ਉਹ ਕਿਥੇ ਜਾਣ? ਕੌਣ ਬਣੇਗਾ ਉਹਨਾਂ ਦੇ ਬੁਢਾਪੇ ਦਾ ਸਹਾਰਾ? ਕੌਣ ਦੇਵੇਗਾ ਉਹਨਾਂ ਨੂੰ ਰੋਟੀ-ਟੁੱਕ ਤੇ ਕੌਣ ਦੁਆਏਗਾ ਉਹਨਾਂ ਨੂੰ ਦਵਾਈ? ਜਦ ਉਹਨਾਂ ਦੇ ਹੀ ਬੱਚੇ ਉਹਨਾਂ ਨੂੰ ਨਹੀਂ ਪੁਛਦੈ ਤਾਂ ਹੋਰ ਕਿਸੇ ਤੋਂ ਉਹ ਕੀ ਉਮੀਦ ਰੱਖਣ…!
ਇਸ ਦੌਰਾਨ ਦੂਜੇ ਪਾਸੇ ਸਾਡੇ ਸਾਹਮਣੇ ਕੁੱਝ ਅਜਿਹੇ ਵੀ ਮਾਮਲੇ ਵੀ ਆਏ ਜਿਨ੍ਹਾਂ ਵਿਚ ਮਾਪਿਆਂ ਵੱਲੋਂ ਆਪਣੀ ਔਲਾਦ ਨਾਲ ਛੋਟੀ-ਛੋਟੀ ਗੱਲ ‘ਤੇ ਝਗੜੇ ਕਰਨ ਤੇ ਪਰਿਵਾਰਾਂ ਵਿਚ ਪਿਓ ਵੱਲੋਂ ਸ਼ਰਾਬ ਪੀ ਕੇ ਘਰੇਲੂ ਹਿੰਸਾ ਕਰਨ, ਔਰਤਾਂ ਨਾਲ ਭੱਦਾ ਸਲੂਕ ਕਰਨ ਤੇ ਪਰਿਵਾਰਾਂ ਦਾ ਮਾਹੌਲ ਖਰਾਬ ਕਰਨ ਕਰਕੇ ਔਲਾਦ ਨੂੰ ਆਪਣੇ ਮਾਪਿਆਂ ਤੋਂ ਦੂਰ ਹੋਣਾ ਪਿਆ ਹੈ। ਇਕ ਪਰਿਵਾਰ ਨੇ ਤਾਂ ਸਾਨੂੰ ਇਹ ਵੀ ਦੱਸਿਆ ਕਿ ਮੁੰਡੇ ਦੇ ਵਿਆਹ ਤੋਂ ਕੁੱਝ ਸਮੇਂ ਬਾਅਦ ਪਰਿਵਾਰ ‘ਚ ਨੂੰਹ-ਸੱਸ ਦਾ ਝਗੜਾ ਹੋਣਾ ਸ਼ੁਰੂ ਹੋ ਗਿਆ ਸੀ। ਇਸ ਦੌਰਾਨ ਉਸਦੇ ਪੋਤੀ ਦਾ ਜਨਮ ਹੋਇਆ। ਸੱਸ-ਨੂੰਹ ਵਿਚਕਾਰ ਅਕਸਰ ਕਲੇਸ਼ ਰਹਿਣ ਕਰਕੇ ਨੂੰਹ ਨੇ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ। ਬੱਚੀ ਦੇ ਸਿਰ ਤੋਂ ਉਸੀ ਦੀ ਮਾਂ ਦਾ ਹਮੇਸ਼ਾਂ ਲਈ ਸਾਇਆ ਉੱਠ ਗਿਆ। ਮੁੰਡੇ ਨੇ ਬੱਚੀ ਦੇ ਭਵਿੱਖ ਨੂੰ ਵੇਖ ਕੇ ਦੂਜਾ ਵਿਆਹ ਕਰਵਾਇਆ। ਪਰਿਵਾਰ ਵਿਚ ਦੂਜੀ ਪਤਨੀ ਦੇ ਆਉਣ ਤੇ ਵੀ ਸੱਸ-ਨੂੰਹ ਵਿਚਕਾਰ ਅਜਿਹਾ ਕਲੇਸ਼ ਚਲਦਾ ਰਿਹਾ ਜਿਸ ਕਰਕੇ ਨਵੀਂ ਵਿਆਹੀ ਨੂੰਹ ਵੀ ਦਿਮਾਗੀ ਤੌਰ ‘ਤੇ ਪਰੇਸ਼ਾਨ ਰਹਿਣ ਲੱਗ ਪਈ। ਹੁਣ ਮਜ਼ਬੂਰੀਵਸ ਮੁੰਡਾ-ਨੂੰਹ ਆਪਣੇ ਮਾਪਿਆਂ ਤੋਂ ਦੂਰ ਹੋ ਕੇ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ।
ਇਕ ਹੋਰ ਬਹੁਤ ਅਮੀਰ ਪਰਿਵਾਰ ਹੈ। ਪਤੀ-ਪਤਨੀ ਦੋਵੇਂ ਲਾਲਚੀ ਹਨ। ਦੋਹਾਂ ਦੀ ਸਰਕਾਰੀ ਨੌਕਰੀ ਹੈ। ਘਰ ਵਧੀਆ ਹੈ ਕੋਠੀ ਵਰਗਾ ਹੈ। ਪਰਿਵਾਰ ਵਿਚ ਇੱਕੋ-ਇੱਕ ਪੁੱਤ ਤੇ ਦੋ ਧੀਆਂ। ਧੀਆਂ ਦੇ ਵਿਆਹ ਮਗਰੋਂ ਪੁੱਤ ਦਾ ਵਿਆਹ ਹੋ ਗਿਆ। ਨੂੰਹ ਘਰ ਵਿਚ ਚੰਗਾ ਦਾਜ ਲਿਆ ਪਰ ਮੁੰਡੇ ਦੀ ਮਾਂ ਨੂੰ ਇਹ ਮਨਜੂਰ ਨਹੀਂ ਕਿ ਘਰ ਵਿਚ ਉਹਦੀ ਚੌਧਰ ਘੱਟ ਜਾਵੇ। ਇਸ ਕਰਕੇ ਉਹ ਨੂੰਹ ਹਰ ਵੇਲੇ ਮਹਿਣੇ ਮਾਰ ਕੇ ਪਰੇਸ਼ਾਨ ਕਰਨ ਲੱਗ ਪਈ। ਹੁਣ ਦੋਵੇਂ ਪਤਨੀ-ਪਤਨੀ ਆਪਣੇ ਮਾਪਿਆਂ ਤੋਂ ਅੱਡ ਰਹਿ ਰਹੇ ਹਨ। ਇਕ ਹੋਰ ਤੀਜੇ ਪਰਿਵਾਰ ਦੀ ਜਦੋਂ ਇਹ ਕਹਾਣੀ ਸੁਣੀ ਤਾਂ ਸਾਡੇ ਅੱਖਾਂ ‘ਚ ਰੌਣ ਆ ਗਿਆ। ਇਸ ਪਰਿਵਾਰ ਵਿਚ ਵੀ ਇੱਕ-ਇੱਕ ਮੁੰਡਾ ਹੈ। ਘਰ ਵਿਚ ਮਾਂ ਦੇ ਸਵਰਗਵਾਸ ਹੋਣ ਮਗਰੋਂ ਪਿਓ ਇਕੱਲਾ ਹੈ। ਇਕ ਦਿਨ ਸਹੁਰੇ ਨੇ ਆਪਣੀ ਨੂੰਹ ਨਾਲ ਨਜਾਇਜ਼ ਸਬੰਧ ਬਣਾ ਲਏ। ਜਦੋਂ ਇਸ ਬਾਰੇ ਪੁੱਤ ਨੂੰ ਪਤਾ ਲੱਗਿਆ ਤਾਂ ਅੱਜ ਪੁੱਤ ਆਪਣੇ ਪਿਓ ਦੀ ਸ਼ਕਲ ਵੀ ਵੇਖਣਾ ਪਸੰਦ ਨਹੀਂ ਕਰ ਰਿਹਾ।  ਇਨ੍ਹਾਂ ਬੱਚਿਆਂ ਦਾ ਕਥਨ ਹੈ ਕਿ ਜੇ ਮਾਪੇ ਸਰਵਨ ਵਰਗਾ ਪੁੱਤ ਚਾਹੁੰਦੈ ਨੇ ਤਾਂ ਮਾਪਿਆਂ ਨੂੰ ਸਰਵਨ ਪੁੱਤ ਦੇ ਮਾਂ-ਬਾਪ ਵਰਗਾ ਬਣਨਾ ਚਾਹੀਦਾ ਹੈ!
ਇਸ ਸੰਬੰਧੀ ਸਮਾਜ ਦੇ ਚਿੰਤਕ ਬੁੱਧੀਜੀਵੀਆਂ ਦੇ ਵਿਚਾਰ ਜਾਨਣ ਤੇ ਰਾਮ ਸਵਰਨ ਸਿੰਘ ਲੱਖੇਵਾਲੀ ਇਸ ਨੂੰ ਵੱਡੀ ਸਮਾਜਿਕ ਸਮੱਸਿਆ ਵਜੋਂ ਵੇਖਦੇ ਹਨ। ਉਹ ਸਮਝਦੇ ਹਨ ਕਿ ਇਸ ਸਮੱਸਿਆ ‘ਚੋਂ ਸਾਨੂੰ ਸਾਡੀ ਜਾਗਰੂਕਤਾ ਹੀ ਬਾਹਰ ਕੱਢ ਸਕਦੀ ਹੈ। ਸਮਾਜ ‘ਚ ਵੱਧ ਰਿਹਾ ਇਸ ਤਰ੍ਹਾਂ ਦਾ ਸਮਾਜਿਕ ਵਰਤਾਰੇ ਨੂੰ ਜੇ ਠੱਲ੍ਹ ਪੈ ਸਕਦੀ ਤਾਂ ਸਿਰਫ ਮਾਪਿਆਂ ਤੇ ਔਲਾਦ ਵਿਚਕਾਰ ਗੱਲਬਾਤ ਰਾਹੀਂ ਅਤੇ ਸਾਂਝੇ ਸੰਜੀਦਾ ਰਿਸ਼ਤੇਦਾਰਾਂ ਰਾਹੀਂ ਪੈ ਸਕਦੀ ਹੈ। ਅਜੋਕੇ ਸਮਾਜ ‘ਚ ਮਾਪੇ ਆਪਣੀ ਔਲਾਦ ਨੂੰ ਚੰਗੀ ਤਰ੍ਹਾਂ ਸਮਝਣ ਤੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਮ ਕਰਨ, ਜਦਕਿ ਦੂਜੇ ਪਾਸੇ ਔਲਾਦ ਆਪਣੇ ਮਾਪਿਆਂ ਪ੍ਰਤੀ ਫਰਜ਼ਾਂ ਬਾਰੇ ਗੰਭੀਰ ਹੋਣਾ ਹੋਵੇਗਾ।
ਪ੍ਰਸ਼ਾਸ਼ਨਿਕ ਅਧਿਕਾਰੀ ਡਾ. ਮਨਦੀਪ ਕੌਰ ਦੱਸਦੇ ਹਨ ਕਿ ਜਦੋਂ ਬੱਚੇ ਤੇ ਮਾਪੇ ਆਪੋ-ਆਪਣੇ ਫਰਜ਼ ਨੂੰ ਸਹੀ ਢੰਗ ਨਾਲ ਨਿਭਾਉਣਗੇ ਤਦ ਹੀ ਇਹ ਸਮਾਜਿਕ ਸਮੱਸਿਆ ਹੱਲ ਹੋਵੇਗੀ। ਬੱਚੇ ਜਦੋਂ ਮਾਪਿਆਂ ਦੀ ਸੇਵਾ ਨਾ ਕਰਨ ਤਦ ਕਾਨੂੰਨ ਦੀ ਮਦਦ ਲਈ ਜਾ ਸਕਦੀ ਹੈ। ਭਾਰਤ ਸਰਕਾਰ ਦੁਆਰਾ ਲਾਗੂ ਕੀਤੇ ‘ਸੀਨੀਅਰ ਸਿਟੀਜਨ ਐਕਟ’ ਬਾਰੇ ਉਹ ਦੱਸਦੇ ਹਨ ਕਿ ਹੁਣ ਮਾਪੇ ਇਕ ਸਾਦੇ ਕਾਗਜ ਉੱਤੇ ਆਪਣੀ ਆਪ-ਬੀਤੀ ਲਿਖ ਕੇ ਇਲਾਕੇ ਦੇ ਉਪ-ਮੰਡਲ ਮੈਜਿਸਟਰੇਟ ਕੋਲ ਅਰਜ਼ੀ ਦਾਇਰ ਕਰ ਸਕਦੇ ਹਨ। ਅਧਿਕਾਰੀ ਵੱਲੋਂ ਪੜਤਾਲ ਕਰਕੇ ਮਾਪਿਆਂ ਨੂੰ ਉਸਦੇ ਬੱਚਿਆਂ ਤੋਂ ਹਰ ਮਹੀਨੇ ਘੱਟੋ-ਘੱਟ ਦਸ ਹਜ਼ਾਰ ਰੁਪਏ ਖਰਚਾ ਦੁਆਇਆ ਜਾ ਸਕਦਾ ਹੈ। ਜਾਇਦਾਦ ਤਬਦੀਲੀ ਹੋਣ ਦੀ ਸੂਰਤ ਵਿਚ ਇਲਾਕਾ-ਮੈਜਿਸਟਰੇਟ ਕੋਲ ਅਪੀਲ ਕਰਕੇ ਮਾਪੇ ਬੱਚਿਆਂ ਤੋਂ ਉਹਨਾਂ ਦੀ ਸਾਂਭ-ਸੰਭਾਲ ਨਾ ਕਰਨ ਕਾਰਨ ਜਾਇਦਾਦ ਵਾਪਸ ਵੀ ਲੈ ਸਕਦੇ ਹਨ। ਸਮਾਜ ਦੀ ਸੋਚ ਦੇ ਬਦਲਾਅ ਨਾਲ ਹੀ ਇਹ ਸਮੱਸਿਆ ਹੱਲ ਹੋ ਸਕਦੀ ਹੈ ਜਿਸ ਕਰਕੇ ਸਮਾਜਿਕ ਜਾਗਰੂਕਤਾ ਬਹੁਤ ਜਰੂਰੀ ਹੇ।
ਲੇਖਕ ਲੰਮੇਂ ਸਮੇਂ ਤੋਂ ਪੱਤਰਕਾਰੀ ਨਾਲ ਜੁੜਿਆ ਹੋਣ ਕਰਕੇ ਇਸ ਵਿਸ਼ੇ ਤੇ ਸਰਕਾਰ ਅਤੇ ਸਮਾਜ ਨੂੰ ਇਹ ਗੰਭੀਰ ਸਮੱਸਿਆ ਗੱਲਬਾਤ ਰਾਹੀਂ ਕੌਂਸਲਿੰਗ ਕੋਰਸਾਂ ਰਾਹੀਂ ਵੀ ਸਮੱਸਿਆ ਹੱਲ ਕਰਨ ਦਾ ਸੁਝਾਅ ਦਿੰਦਾ ਹੈ ਜਿਸ ਤਰ੍ਹਾਂ ਤਲਾਕ ਦੇ ਕੇਸਾਂ ਵਿਚ ਸਾਡਾ ਸੰਵਿਧਾਨ ਵਿਦੇਸ਼ੀ ਮੁਲਕਾਂ ਵਾਂਗ ਪਹਿਲੀ-ਦੂਜੀ ਤਾਰੀਕ ਤੇ ਤਲਾਕ ਮਨਜ਼ੂਰ ਕਰਨ ਦੀ ਹਾਮੀ ਨਹੀਂ ਦਿੰਦਾ। ਸਰਕਾਰ ਵੱਲੋਂ ਪਹਿਲਾਂ ਇਹ ਕੋਸ਼ਿਸ਼ ਹੁੰਦੀ ਹੈ ਕਿ ਤਲਾਕ ਦੇ ਕੇਸ ਪੁਲੀਸ ਦੇ ਵੋਮੈਨ ਸੈੱਲ ਰਾਹੀਂ ਕੌਂਸਲਿੰਗ ਕਰਕੇ ਸੁਲਝਾਏ ਜਾਂਦੇ ਹਨ, ਉਸੇ ਤਰ੍ਹਾਂ ਹੀ ਅਜਿਹੇ ਕੇਸਾਂ ਦੇ ਹੱਲ ਲਈ ਸਿਹਤ ਵਿਭਾਗ/ਨਿਆਂ ਪਾਲਿਕਾ ਵੱਲੋਂ ਵੱਖਰਾ ਕੌਂਸਲਿੰਗ ਸੈੱਲ ਬਣਾ ਕੇ ਅਜਿਹੇ ਕੇਸਾਂ ਨੂੰ ਹੱਲ ਕਰਵਾਇਆ ਜਾਣਾ ਚਾਹੀਦਾ ਹੈ।