ਅਸੀਂ ਅਣਪਛਾਤੇ ਹੁੰਦੇ ਹਾਂ

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਅੱਤਵਾਦ ਦੇ ਦਿਨਾਂ ਵਿੱਚ ਕਈ ਸ਼ਬਦ ਕਾਫੀ ਮਸ਼ਹੂਰ ਹੋਏ ਸਨ, ਜਿਵੇਂ ਅਸਾਲਟ ਦਾ ਬਰਸਟ, ਪੁਲਿਸ ਮੁਕਾਬਲੇ, ਲੈਟਰ ਪੈਡ ਅਤੇ ਅਣਪਛਾਤੇ ਨੌਜਵਾਨ ਆਦਿ। ਅਖਬਾਰਾਂ ਅਤੇ ਜਲੰਧਰ ਟੈਲੀਵੀਜ਼ਨ ਦੀਆਂ ਖਬਰਾਂ ਵਿੱਚ ਅਣਪਛਾਤੇ ਸ਼ਬਦ ਬਹੁਤ ਵਰਤਿਆ ਜਾਂਦਾ ਸੀ। ਅੱਜ ਫਲਾਣੇ ਥਾਂ ‘ਤੇ ਅਣਪਛਾਤੇ ਨੌਜਵਾਨਾਂ ਨੇ ਫਲਾਣੇ  ਨੂੰ ਮਾਰ ਸੁੱਟਿਆ, ਅੱਜ ਅਣਪਛਾਤੇ ਨੌਜਵਾਨ ਪੁਲਿਸ ਨਾਕੇ ‘ਤੇ ਫਾਇਰਿੰਗ ਕਰ ਕੇ ਫਰਾਰ ਹੋ ਗਏ ਜਾਂ ਦੋ ਅਣਪਛਾਤੇ ਨੌਜਵਾਨ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ। ਇਸ ਤੋਂ ਇਲਾਵਾ ਪਿੰਡਾਂ ਸ਼ਹਿਰਾਂ ਵਿੱਚ ਖਾਦੇ ਪੀਂਦੇ ਘਰਾਂ ਨੂੰ ਖਾੜਕੂ ਜਥੇਬੰਦੀਆਂ ਦੇ ਲੈਟਰ ਪੈਡਾਂ ‘ਤੇ ਫਿਰੌਤੀ ਦੇਣ ਜਾਂ ਸੋਧ ਦੇਣ ਦੀਆਂ ਧਮਕੀ ਭਰੀਆਂ ਚਿੱਠੀਆਂ ਬਹੁਤ ਆਉਂਦੀਆਂ ਸਨ ਜਿਨ੍ਹਾਂ ਨੂੰ ਆਮ ਬੋਲ ਚਾਲ ਦੀ ਭਾਸ਼ਾ ਵਿੱਚ ਲੈਟਰ ਪੈਡ ਕਿਹਾ ਜਾਂਦਾ ਸੀ। ਪਿੰਡਾਂ ਦੀਆਂ ਸੱਥਾਂ ਵਿੱਚ ਆਮ ਹੀ ਚਰਚਾਵਾਂ ਚੱਲਦੀਆਂ ਕਿ ਅੱਜ ਫਲਾਣੇ ਦੇ ਘਰ ਲੈਟਰ ਪੈਡ ਆ ਗਿਆ ਹੈ। ਜਿਸ ਨੂੰ ਧਮਕੀ ਭਰੀ ਚਿੱਠੀ (ਲੈਟਰ ਪੈਡ) ਆ ਜਾਂਦੀ, ਉਸ ਨੂੰ ਆਪਣੇ ਦਿਨ ਖਤਮ ਹੁੰਦੇ ਦਿਖਾਈ ਦੇਣ ਲੱਗ ਜਾਂਦੇ। ਡਰਦੇ ਮਾਰੇ ਲੋਕ ਚੁੱਪ ਕਰ ਕੇ ਪੁਲਿਸ ਨੂੰ ਦੱਸੇ ਬਿਨਾਂ ਮਿਥੀ ਹੋਈ ਥਾਂ ‘ਤੇ ਰਕਮ ਪਹੁੰਚਾ ਆਉਂਦੇ। ਫਿਰੌਤੀਆਂ ਉਗਰਾਹੁਣਾ ਤਾਂ ਕਈ ਲੁਟੇਰਾ ਗਿਰੋਹਾਂ ਦਾ ਮਨ ਭਾਉਂਦਾ ਕਿੱਤਾ ਬਣ ਗਿਆ ਸੀ।
ਅਜਿਹੀ ਸੌਖੀ ਕਮਾਈ ਹੁੰਦੀ ਵੇਖ ਕੇ ਝਬਾਲ ਨੇੜਲੇ ਇੱਕ ਪਿੰਡ ਦੇ ਦੋ ਵੈਲੀਆਂ ਦੇ ਮਨ ਵਿੱਚ ਵੀ ਫੁਰਨਾ ਫੁਰਿਆ ਗਿਆ ਕਿ ਕਿਉਂ ਨਾ ਆਪਾਂ ਵੀ ਕੋਈ ਨਵੀਂ ਜਥੇਬੰਦੀ ਬਣਾ ਕੇ ਲੈਟਰ ਪੈਡ ਛਪਵਾਈਏ ਤੇ ਵਗਦੀ ਗੰਗਾ ਵਿੱਚ ਹੱਥ ਧੋਈਏ। ਉਨ੍ਹਾਂ ਦਿਨਾਂ ਵਿੱਚ ਅੰਮ੍ਰਿਤਸਰ ਵਿਖੇ ਹਾਲ ਬਜ਼ਾਰ ਦੇ ਨਜ਼ਦੀਕ ਗਿਆਨ ਹਲਵਾਈ ਦੀ ਲੱਸੀ ਵਾਲੀ ਦੀ ਦੁਕਾਨ ਵਾਲੇ ਬਜ਼ਾਰ ਵਿੱਚ ਖੇੜਾ ਕਾਲਜ ਅਤੇ ਦੋ ਚਾਰ ਹੋਰ ਅਜਿਹੇ ਪ੍ਰਿਟਿੰਗ ਪ੍ਰੈੱਸ ਹੁੰਦੇ ਸਨ ਜੋ ਵਿਆਹ ਸ਼ਾਦੀਆਂ ਆਦਿ ਦੇ ਕਾਰਡ ਛਾਪਿਆ ਕਰਦੇ ਸਨ। ਉਹ ਦੋਵੇਂ ਵੀ ਇੱਕ ਅਜਿਹੇ ਹੀ ਪ੍ਰਿਟਿੰਗ ਪ੍ਰੱੈਸ ਵਿੱਚ ਪਹੁੰਚ ਗਏ ਤੇ ਆਪਣੀ ਜਥੇਬੰਦੀ ਦਾ ਲੈਟਰ ਪੈਡ ਛਾਪਣ ਲਈ ਹੁਕਮ ਜਾਰੀ ਕੀਤਾ। ਮਾਹੌਲ ਤੋਂ ਡਰਦੇ ਮਾਰੇ ਵਿਚਾਰੇ ਪ੍ਰਿਟਿੰਗ ਪ੍ਰੈੱਸ ਵਾਲੇ ਨੇ ਬਿਨਾਂ ਕਿਸੇ ਹੀਲ ਹੁੱਜ਼ਤ ਕੀਤੇ ਹਾਮੀ ਭਰ ਦਿੱਤੀ। ਉਨ੍ਹਾਂ ਨੇ ਲੈਟਰ ਹੈੱਡ ‘ਤੇ ਜਥੇਬੰਦੀ ਦਾ ਨਾਮ, ਨਾਕਾ ਤੋੜ ਕਮਾਂਡੋ ਫੋਰਸ ਲਿਖਣ ਲਈ ਕਿਹਾ ਤੇ ਥੱਲੇ ਦੋ ਬੰਦੂਕਾਂ ਤੇ ਦੋ ਅਸਾਲਟਾਂ ਵਾਲਾ ਨਿਸ਼ਾਨ ਛਾਪਣ ਲਈ ਕਿਹਾ। ਜਦੋਂ ਪ੍ਰਿਟਿੰਗ ਪ੍ਰੈੱਸ ਵਾਲੇ ਨੇ ਜਥੇਬੰਦੀ ਦੇ ਜਰਨੈਲਾਂ ਦੇ ਨਾਮ ਛਾਪਣ ਲਈ ਉਨ੍ਹਾਂ ਦੇ ਨਾਮ ਪੁੱਛੇ ਤਾਂ ਦੋਵੇਂ ਕੁੱਦ ਕੇ ਪਏ, “ਉਏ, ਤੇਰਾ ਤਾਂ ਦਿਮਾਗ ਠੀਕ ਹੈ? ਅਸੀਂ ਕੋਈ ਨਾਮ ਨਹੀਂ ਲਿਖਵਾਉਣਾ, ਅਸੀਂ ਤਾਂ ਅਣਪਛਾਤੇ ਹੁੰਦੇ ਹਾਂ।” ਵਿਚਾਰੇ ਪ੍ਰਿਟਿੰਗ ਪ੍ਰੈੱਸ ਵਾਲੇ ਦਾ ਦਿਲ ਕਰੇ ਕਿ ਦੋਵਾਂ ਦੇ ਦੋ-ਦੋ ਥੱਪੜ ਜੜ ਕੇ ਦੁਕਾਨ ਵਿੱਚੋਂ ਬਾਹਰ ਕੱਢ ਦੇਵੇ। ਪਰ ਉਹ ਆਪਣੇ ਗੁੱਸੇ ਨੂੰ ਅੰਦਰ ਹੀ ਅੰਦਰ ਦੱਬ ਕੇ ਲੈਟਰ ਪੈਡ ਛਾਪਣ ਲਈ ਮਜ਼ਬੂਰ ਹੋ ਗਿਆ। ਉਹ ਗੱਲ ਵੱਖਰੀ ਹੈ ਕਿ ਵੈਲੀ ਪਹਿਲਾ ਹੀ ਲੈਟਰ ਪੈਡ ਗਲਤੀ ਨਾਲ ਬਘਿਆੜੀ ਪਿੰਡ ਦੇ ਕਿਸੇ ਕਾਮਰੇਡ ਨੂੰ ਲਿਖ ਬੈਠੇ ਤੇ ਚਾਰ ਦਿਨਾਂ ਬਾਅਦ ਹੀ ਥਾਣੇ ਝਬਾਲ ਦੀ ਹਵਾਲਾਤ ਵਿੱਚ ਉਨ੍ਹਾਂ ਦੀ ਛਿੱਤਰ ਪਰੇਡ ਹੋ ਰਹੀ ਸੀ।