‘ਅੱਜ ਤਾਂ ਕਿਤੇ ਵੱਧ ਖਤਰਨਾਕ ਨੇ ਰਾਵਣ’

ਕੈਲਗਰੀ – ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਅਕਤੂਬਰ ਮਹੀਨੇ ਦੀ ਇਕੱਤਰਤਾ, ਇਸ ਮਹੀਨੇ ਦੇ ਤੀਜੇ ਸ਼ਨੀਵਾਰ, ਜੈਂਸਿਸ ਸੈਂਟਰ ਵਿਖੇ, ਮੈਂਬਰਾਂ ਦੇ ਭਰਵੇਂ ਇਕੱਠ ਵਿੱਚ- ਡਾ. ਰਾਜਵੰਤ ਕੌਰ ਮਾਨ, ਗੁਰਚਰਨ ਥਿੰਦ ਅਤੇ ਗੁਰਦੀਸ਼ ਕੌਰ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ- ਜਿਸ ਵਿੱਚ ਕਈ ਅਹਿਮ ਵਿਚਾਰਾਂ ਕੀਤੀਆਂ ਗਈਆਂ।
ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ, ਸਕੱਤਰ ਗੁਰਦੀਸ਼ ਕੌਰ ਗਰੇਵਾਲ ਨੇ, ਕੁਝ ਸ਼ੋਕ ਮਤੇ ਪੇਸ਼ ਕੀਤੇ। ਜਿਸ ਵਿੱਚ- ਹਰਚਰਨ ਬਾਸੀ ਦੇ ਵੱਡੇ ਭੈਣ ਜੀ, ਹਰਜੀਤ ਕੌਰ ਸੰਧੂ ਦੇ ਜੀਵਨ ਸਾਥੀ, ਮਨਜੀਤ ਕੌਰ ਬਾਜਵਾ ਦੇ ਸਪੁੱਤਰ ਦੇ ਅਕਾਲ ਚਲਾਣੇ ਸਮੇਤ- ਅੰਮ੍ਰਿਤਸਰ ਰੇਲ ਹਾਦਸੇ ਵਿੱਚ ਮਰਨ ਵਾਲੇ ਸਮੂਹ ਵਿਅਕਤੀਆਂ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਹੋਇਆਂ, ਸਭਾ ਵਲੋਂ ਇੱਕ ਮਿੰਟ ਦੀ ਚੁੱਪ ਧਾਰ ਕੇ, ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਗੁਰਚਰਨ ਥਿੰਦ ਨੇ ਅਗਲੇ ਮਹੀਨੇ, 18 ਨਵੰਬਰ, ਦਿਨ ਐਤਵਾਰ ਨੂੰ ‘ਘਰੇਲੂ ਹਿੰਸਾ’ ਨੂੰ ਸਮਰਪਿਤ ਹੋਣ ਵਾਲੇ ਸਲਾਨਾ ਸਮਾਗਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ- ਇਹ ਸਮਾਗਮ-‘ਲੋਕੀਂ ਕੀ ਕਹਿਣਗੇ’ ਦੇ ਬੈਨਰ ਹੇਠ, ਵਾਈਟਹੌਰਨ ਕਮਿਊਨਿਟੀ ਹਾਲ ਵਿੱਚ, ਬਾਅਦ ਦੁਪਹਿਰ, ਡੇੜ ਤੋਂ ਸਾਢੇ ਚਾਰ ਵਜੇ ਤੱਕ ਹੋਏਗਾ। ਇਸ ਵਿੱਚ ਚਾਰ ਸਮਾਜਿਕ ਵਿਸ਼ਿਆਂ- ਵਿਆਹ ਸ਼ਾਦੀਆਂ, ਨਸ਼ੇ, ਘਰੇਲੂ ਹਿੰਸਾ ਤੇ ਮਾਨਸਿਕ ਸੇਹਤ- ਤੇ ਖੁਲ੍ਹੀ ਵਿਚਾਰ ਚਰਚਾ ਹੋਵੇਗੀ, ਜਿਸ ਲਈ ਇਹਨਾਂ ਵਿਸ਼ਿਆਂ ਦੇ ਮਾਹਿਰਾਂ ਨੂੰ ਸੱਦਾ ਪੱਤਰ ਦਿੱਤੇ ਜਾ ਚੁੱਕੇ ਹਨ। ਸੋ ਸਮੂਹ ਮੈਂਬਰਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਹੋਇਆਂ, ਉਹਨਾਂ ਨੂੰ ਪਰਿਵਾਰਾਂ ਸਮੇਤ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ।
ਦੁਸਹਿਰੇ ਦੇ ਤਿਉਹਾਰ ਕਾਰਨ, ਵਿਚਾਰ ਚਰਚਾ ਵਿੱਚ ‘ਅੱਜ ਦੇ ਰਾਵਣਾਂ’ ਦਾ ਮੁੱਦਾ ਭਾਰੂ ਰਿਹਾ। ਪਹਿਲਾਂ ਗੁਰਦੀਸ਼ ਕੌਰ ਗਰੇਵਾਲ ਨੇ ਇਸ ਵਿਸ਼ੇ ਤੇ ਲਿਖੀ ਆਪਣੀ ਕਵਿਤਾ-‘ਅੱਜ ਤਾਂ ਇਸ ਤੋਂ ਕਿਤੇ ਵੱਧ ਖਤਰਨਾਕ ਨੇ ਰਾਵਣ- ਜੋ ਸੀਤਾ ਵਰਗੀਆਂ ਸਵਿੱਤਰੀਆਂ ਨੂੰ ਚੁੱਕ ਵੀ ਲਿਜਾਂਦੇ ਨੇ- ਤੇ ਉਸ ਤੋਂ ਅਗਲਾ ਗੁਨਾਹ ਵੀ ਕਰਦੇ ਨੇ’ ਬੁਲੰਦ ਆਵਾਜ਼ ਵਿੱਚ ਸੁਣਾ ਕੇ, ਅਜੋਕੇ ਸਮੇਂ ਦੇ ਕੌੜੇ ਸੱਚ ਦਾ ਵਰਨਣ ਕੀਤਾ। ਸਭਾ ਦੇ ਨਵੇਂ ਮੈਂਬਰ, ਪ੍ਰਿੰਸੀਪਲ ਇਕਬਾਲ ਕੌਰ ਭੁੱਲਰ ਨੇ ਵੀ ਇਸੇ ਵਿਸ਼ੇ ਤੇ ਭਾਵਪੂਰਤ ਮਿੰਨੀ ਕਹਾਣੀ ‘ਜਿੱਤ’ ਸੁਣਾ ਕੇ, ਰਾਵਣ ਦੇ ਪੁਤਲੇ ਨੂੰ ਅੱਗ ਲਾਉਣ ਵਾਲਿਆਂ ਦੇ ਅੰਦਰ ਬੈਠੀ ਰਾਵਣ ਬਿਰਤੀ ਨੂੰ ਝੰਜੋੜਿਆ। ਜਾਗਰੂਕ ਲੇਖਕ ਰਜਿੰਦਰ ਕੌਰ ਚੋਹਕਾ ਨੇ, ‘ਮੀ ਟੂ’ ਦਾ ਜ਼ਿਕਰ ਕਰਦਿਆਂ ਹੋਇਆਂ, ਅੰਕੜਿਆਂ ਦਾ ਹਵਾਲਾ ਦੇ ਕੇ ਦੱਸਿਆ ਕਿ- ਅੱਜ ਵੀ ਪੰਜ ਵਿੱਚੋਂ ਤਿੰਨ ਔਰਤਾਂ, ਮਾਨਸਿਕ ਜਾਂ ਸਰੀਰਕ ਸ਼ੋਸ਼ਣ ਦੀਆਂ ਸ਼ਿਕਾਰ ਹਨ। ਉਹਨਾਂ ਇੱਕ ਕਵਿਤਾ- ‘ਖਬਰਾਂ ਸੁਣ ਕੇ ਰੇਪ ਦੀਆਂ ਲੋਕਾਂ ਦੇ ਉਡਣ ਹਵਾਸ, ਕੁਰਸੀ ਬੈਠੇ ਗਿਰਗਟ ਕਹਿੰਦੇ- ਗੱਲ ਨਹੀਂ ਕੋਈ ਖਾਸ’ ਰਾਹੀਂ ਆਪਣੇ ਨੁਕਤੇ ਨੂੰ ਸਪੱਸ਼ਟ ਕੀਤਾ। ਹਰਜੀਤ ਜੌਹਲ ਨੇ ਵੀ ਇਸੇ ਵਿਸ਼ੇ ਨੂੰ ਛੋਹਿਆ। ਹਾਲ ਹੀ ਵਿੱਚ ਨਵੇਂ ਬਣੇ ਮੈਂਬਰ, ਹਰਮਿੰਦਰ ਕੌਰ ਨੇ ‘ਖੁਸ਼ੀ ਦੀ ਭਾਲ’ ਤੇ ਲਿਖਿਆ ਨਾਟਕੀ ਵਾਰਤਾਲਾਪ ਸੁਣਾ ਕੇ, ਸਭ ਨੂੰ ਹੈਰਾਨ ਕਰ ਦਿੱਤਾ। ਸੀਨੀਅਰ ਮੈਂਬਰ ਡਾ. ਰਾਜਵੰਤ ਕੌਰ ਮਾਨ ਨੇ ਅੰਮ੍ਰਿਤਾ ਪ੍ਰੀਤਮ ਦੇ ਸੌਵੇਂ ਜਨਮ ਦਿਨ ਬਾਰੇ ਦੱਸਦਿਆਂ ਹੋਇਆਂ, ਉਸ ਦੀ ਸਾਹਿਤਕ ਦੇਣ ਤੋਂ ਇਲਾਵਾ- ਪ੍ਰੀਤ ਲੜੀ ਤੇ ਪ੍ਰੀਤ ਨਗਰ ਦਾ ਜ਼ਿਕਰ ਵੀ ਕੀਤਾ। ਕੁਲਦੀਪ ਘਟੌੜਾ ਨੇ ਕਵਿਤਾ ‘ਹੋਂਦ’, ਸਰਬਜੀਤ ਉੱਪਲ ਨੇ ਟੱਪੇ, ਸਤਵਿੰਦਰ ਫਰਵਾਹਾ ਨੇ ਕਵਿਤਾ, ਰਵਿੰਦਰਜੀਤ ਖਹਿਰਾ ਨੇ ਆਪਣੀ ਸਾਥਣ ਨਾਲ ਗੀਤ ਅਤੇ ਜਤਿੰਦਰ ਪੇਲੀਆ ਨੇ ਆਪਣੀਆਂ ਕੁੜਮਣੀਆਂ ਨਾਲ ਲੰਬੀ ਹੇਕ ਵਾਲਾ ਗੀਤ- ਸੁਣਾ ਕੇ ਮਹੌਲ ਸੁਰਮਈ ਬਣਾ ਦਿੱਤਾ।
ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੇ ਬੂਹੇ, ਹਰ ਵਰਗ ਦੀਆਂ ਔਰਤਾਂ ਲਈ ਹਮੇਸ਼ਾ ਖੁਲ੍ਹੇ ਰਹਿੰਦੇ ਹਨ। ਇਸੇ ਕਾਰਨ ਇਸ ਸੰਸਥਾ ਵਿੱਚ- ਜਿੱਥੇ ਅੱਠ ਦਹਾਕੇ ਪਾਰ ਕਰ ਚੁੱਕੇ ਮੈਂਬਰ ਹਨ, ਉਥੇ ਚਾਰ ਦਹਾਕਿਆਂ ਤੋਂ ਘੱਟ ਉਮਰ ਵਰਗ ਦੇ ਮੈਂਬਰ ਵੀ ਮੌਜੂਦ ਹਨ। ਇਸ ਮੀਟਿੰਗ ਵਿੱਚ ਵੀ, ਨਵੀਂ ਪੀੜ੍ਹੀ ਦੀ ਤਰਜਮਾਨੀ ਕਰਦੀ, ਨਵੀਂ ਬਣੀ ਮੈਂਬਰ, ਯੋਗਾ ਇੰਸਟਰੱਕਟਰ- ਰਛਪਾਲ ਕੌਰ ਨੇ ਸਿਹਤ ਸਬੰਧੀ ਆਪਣੇ ਕੀਮਤੀ ਵਿਚਾਰਾਂ ਨਾਲ ਮੈਂਬਰਾਂ ਨੂੰ ਸਰਸ਼ਾਰ ਕੀਤਾ। ਉਸ ਨੇ ਯੋਗਾ ਦੇ ਮਹੱਤਵ, ਸਾਹਾਂ ਦੇ ਸੰਤੁਲਨ, ਮਨ ਨੂੰ ਸ਼ਾਂਤ ਕਰਨ ਤੇ ਅੰਦਰੋਂ ਸ਼ਰੀਰ ਦੀ ਸ਼ੁਧੀ ਕਰਨ ਬਾਰੇ ਦੱਸਣ ਤੋਂ ਇਲਾਵਾ- ਫਾਇਦੇਮੰਦ ਕੁੱਝ ਮੁਦਰਾ ਦੱਸਣ ਉਪਰੰਤ- ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਨ ਵਾਲਾ ਇੱਕ ਆਯੁਰਵੈਦ ਨੁਸਖਾ-‘ਰੁਚੀ ਪੇ’ ਵੀ ਨੋਟ ਕਰਵਾਇਆ। ਇਸ ਫਾਇਦੇਮੰਦ ਜਾਣਕਾਰੀ ਲਈ, ਭਰਪੂਰ ਤਾੜੀਆਂ ਨਾਲ ਸਭਾ ਵਲੋਂ ਉਸ ਦਾ ਧੰਨਵਾਦ ਕੀਤਾ ਗਿਆ।
ਬਲਜੀਤ ਜਠੌਲ ਨੇ ਆਪਣੀ ਬੇਟੀ ਦੀ ਸ਼ਾਦੀ ਦੀ ਖੁਸ਼ੀ ਵਿੱਚ, ਸਭ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਭਾ ਵਲੋਂ ਉਸ ਨੂੰ ਵਧਾਈਆਂ ਦਿੱਤੀਆਂ ਗਈਆਂ। ਸੀਮਾ ਚੱਠਾ ਨਾਲ ਕੁੱਝ ਹੋਰ ਵਲੰਟੀਅਰਜ਼ ਨੇ ਵੀ ਚਾਹ ਸਨੈਕਸ ਵਰਤਾਉਣ ਦੀ ਸੇਵਾ ਨਿਭਾਈ। ਸਰਦੀਆਂ ਵਿੱਚ ਬਹੁਤ ਸਾਰੇ ਮੈਂਬਰਾਂ ਦੇ ਵਤਨ ਜਾਣ ਕਾਰਨ, ਯੋਗਾ ਦੀ ਹਫਤਾਵਾਰ ਹੋਣ ਵਾਲੀ ਕਲਾਸ, ਕੁੱਝ ਸਮੇਂ ਲਈ ਅੱਗੇ ਪਾਉਣ ਦਾ ਵੀ ਨਿਰਣਾ ਲਿਆ ਗਿਆ। ਸੋ ਇਸ ਤਰ੍ਹਾਂ ਇਹ ਮੀਟਿੰਗ ਸਾਰਥਕ ਹੋ ਨਿਬੜੀ। ਵਧੇਰੇ ਜਾਣਕਾਰੀ ਲਈ- ਬਲਵਿੰਦਰ ਕੌਰ ਬਰਾੜ 403 590 9629, ਗੁਰਚਰਨ ਥਿੰਦ 403 402 9635 ਜਾਂ ਗੁਰਦੀਸ਼ ਕੌਰ ਗਰੇਵਾਲ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।
-ਗੁਰਦੀਸ਼ ਕੌਰ ਗਰੇਵਾਲ