ਆਸਟ੍ਰੇਲੀਆ ਤੇ ਨਿਊਜ਼ੀਲੈਂਡ ਕਰਾਏਗਾ 2023 ਫੀਫਾ ਮਹਿਲਾ ਵਿਸ਼ਵ ਕੱਪ

0
88

ਕੈਨਬਰਾ – “ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੂੰ ਫੀਫਾ ਮਹਿਲਾ ਵਿਸ਼ਵ ਕੱਪ 2023 ਲਈ ਸਾਂਝੇ ਤੌਰ ‘ਤੇ ਆਯੋਜਿਤ ਕਰਨ ਦਾ ਅਧਿਕਾਰ ਮਿਲ ਜਾਣਾ ਇੱਕ ਬਹੁਤ ਵੱਡਾ ਤੇ ਇਤਿਹਾਸਕ ਫੈਸਲਾ ਹੈ।”

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਅਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ‘ਇੰਡੋ ਟਾਈਮਜ਼’ ਨੂੰ ਜਾਰੀ ਆਪਣੇ ਇੱਕ ਸਾਂਝੇ ਬਿਆਨ ਦੇ ਵਿੱਚ ਕਿਹਾ ਹੈ ਕਿ ਫੀਫਾ ਮਹਿਲਾ ਵਿਸ਼ਵ ਕੱਪ 2023 ਨੂੰ ਸਾਂਝੇ ਤੌਰ ‘ਤੇ ਕਰਵਾਉਣ ਦਾ ਫੈਸਲਾ ਸਾਡੇ ਇਸ ਖੇਤਰ ਵਿੱਚ ਖੇਡਾਂ ਲਈ ਇੱਕ ਮਹੱਤਵਪੂਰਣ ਫੈਸਲਾ ਹੈ। ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਆਪਣੇ ਘਰੇਲੂ ਮੈਦਾਨ ਦੇ ਵਿੱਚ ਇੱਕ ਬਹੁਤ ਵੱਡਾ ਤੇ ਸਭ ਤੋਂ ਵਧੀਆ ਫੀਫਾ ਮਹਿਲਾ ਵਿਸ਼ਵ ਕੱਪ ਕਰਵਾਏਗਾ। ਕੋਵਿਡ-19 ਤੋਂ ਉਭਰਕੇ ਅਜਿਹਾ ਖੇਡ ਮੁਕਾਬਲਾ ਕਰਾਉਣਾ ਦੋਹਾਂ ਦੇਸ਼ਾਂ ਦੇ ਫੁੱਟਬਾਲ ਤੇ ਖੇਡਾਂ ਦੇ ਖੇਤਰ ਦੇ ਲਈ ਇੱਕ ਬਹੁਤ ਹੀ ਵਧੀਆ ਤੇ ਸ਼ੁੱਭ ਸੰਦੇਸ਼ ਹੈ। ਖੇਡਾਂ ਦੇ ਖੇਤਰ ਦੇ ਵਿੱਚ ਸਾਡੇ ਕੋਲ ਵਿਸ਼ਵ ਦੀਆਂ ਸਰਬੋਤਮ ਮਹਿਲਾ ਫੁਟਬਾਲਰਾਂ ਨੂੰ ਪੈਦਾ ਕਰਨ ਦਾ ਲੰਮਾ ਇਤਿਹਾਸ ਰਿਹਾ ਹੈ ਅਤੇ ਇਹ ਟੂਰਨਾਮੈਂਟ ਸਾਡੀ ਅਗਲੀ ਪੀੜ੍ਹੀ ਨੂੰ ਹੋਰ ਪ੍ਰੇਰਿਤ ਕਰੇਗਾ ਅਤੇ ਉਨ੍ਹਾਂ ਨੂੰ ਵਿਸ਼ਵ ਪੜਾਅ ‘ਤੇ ਮੁਕਾਬਲਾ ਕਰਨ ਲਈ ਵੱਡਾ ਪਲੇਟਫਾਰਮ ਪ੍ਰਦਾਨ ਕਰੇਗਾ।

10 ਜੁਲਾਈ ਤੋਂ 20 ਅਗਸਤ 2023 ਦੇ ਵਿਚਕਾਰ ਆਯੋਜਿਤ ਹੋਣ ਵਾਲਾ ਇਹ ਫੀਫਾ ਮਹਿਲਾ ਵਿਸ਼ਵ ਕੱਪ ਮੇਜ਼ਬਾਨ ਦੇਸ਼ਾਂ ਲਈ ਆਰਥਿਕ ਗਤੀਵਿਧੀਆਂ ਲਈ ਲਗਭਗ 500 ਮਿਲੀਅਨ ਡਾਲਰ, ਮੇਜ਼ਬਾਨ ਸ਼ਹਿਰਾਂ ਲਈ ਮਹੱਤਵਪੂਰਣ ਨੌਕਰੀਆਂ ਨੂੰ ਉਤਸ਼ਾਹਤ ਕਰਨ, ਅਤੇ ਦੋਵਾਂ ਦੇਸ਼ਾਂ ਦੇ ਸੈਰ-ਸਪਾਟਾ ਖੇਤਰਾਂ ਲਈ ਨਵੀਂ ਕਮਾਈ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਇਸ ਫੀਫਾ ਮਹਿਲਾ ਵਿਸ਼ਵ ਕੱਪ 2023 ਦੇ ਵਿੱਚ ਵਿਸ਼ਵ ਦੀਆਂ 32 ਟੀਮਾਂ ਭਾਗ ਲੈਣਗੀਆਂ ਅਤੇ ਇਸ ਵਿਸ਼ਵ ਕੱਪ ਦੇ ਲਈ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 12 ਵੱਖ-ਵੱਖ ਸ਼ਹਿਰਾਂ ਦੇ ਵੱਖ-ਵੱਖ ਖੇਡ ਮੈਦਾਨਾਂ ਦੇ ਵਿੱਚ ਮੈਚ ਕਰਵਾਏ ਜਾਣਗੇ।

ਵਰਨਣਯੋਗ ਹੈ ਕਿ ਮਹਿਲਾ ਵਿਸ਼ਵ ਕੱਪ ਫੁੱਟਬਾਲ ਦੀ ਮੇਜ਼ਬਾਨੀ ਦੀ ਦੌੜ ਦੇ ਵਿੱਚ ਜਾਪਾਨ ਤੇ ਕੋਲੰਬੀਆ ਵੀ ਸ਼ਾਮਿਲ ਸਨ ਪਰ ਆਖਰੀ ਦੌਰ ਦੇ ਵਿੱਚ ਜਾਪਾਨ ਵਲੋਂ ਇਸ ਤੋਂ ਲਾਂਭੇ ਹੋ ਜਾਣ ਦੇ ਕਾਰਣ ਇਹ ਫੈਸਲਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਲੋਂ ਸਾਂਝੇ ਤੌਰ ‘ਤੇ ਕਰਾਉਣ ਦੇ ਹੱਕ ਵਿੱਚ ਆਇਆ। ਏਐੱਫਸੀ ਦੇ ਪ੍ਰਧਾਨ ਸ਼ੇਖ ਸਲਮਾਨ ਬਿਨ ਇਬ੍ਰਾਹੀਮ ਅਲ ਖ਼ਲੀਫ਼ਾ ਨੇ ਜਾਪਾਨ ਦੇ ਲਾਂਭੇ ਹੋਣ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਏਸ਼ਿਆਈ ਮੈਂਬਰਾਂ ਤੋਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਪੱਖ ਵਿਚ ਮਤਦਾਨ ਕਰਨ ਦੀ ਅਪੀਲ ਕੀਤੀ ਸੀ ਅਤੇ ਕੁੱਲ 35 ਵੋਟਾਂ ਦੇ ਵਿੱਚੋਂ 22 ਵੋਟਾਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਪੱਖ ਵਿਚ ਭੁਗਤੀਆਂ।