ਕਲੀਰੇ ਬੰਨ੍ਹਣਾ ਤੇ ਵੰਡਣਾ

ਲੇਖਕ: ਡਾ. ਪ੍ਰਿਤਪਾਲ ਸਿੰਘ, ਮਹਿਰੋਕ

ਪੰਜਾਬੀ ਸਭਿਆਚਾਰ ਦੀ ਆਪਣੀ ਬੋਲੀ ,ਪਹਿਰਾਵੇ, ਸੁਭਾਅ, ਸਮਾਜਿਕ ਕਦਰ ਪ੍ਰਣਾਲੀ ਤੇ ਰਸਮਾਂ ਰਿਵਾਜਾਂ ਕਾਰਨ ਵਿਸ਼ਵ ਵਿੱਚ ਵੱਖਰੀ ਪਛਾਣ ਹੈ।ਪਹਿਲੇ ਸਮਿਆਂ ਵਿੱਚ ਇਥੋਂ ਦੇ ਵਿਆਹਾਂ ਵਿੱਚ ਪ੍ਰਚੱਲਿਤ ਰਹੇ ਰੀਤੀ ਰਿਵਾਜਾਂ ਦੀਆਂ ਗੱਲਾਂ ਹੁਣ ਤੱਕ ਕੀਤੀਆਂ ਜਾਂਦੀਆਂ ਹਨ। ਕੁੜੀ ਦੇ ਵਿਆਹ ਦੇ ਅਵਸਰ ‘ਤੇ ਵਿਆਹ ਵਾਲੀ ਕੁੜੀ ਨੂੰ ਕਲੀਰੇ ਬੰਨ੍ਹਣ ਤੇ ਉਸ ਪਿੱਛੋਂ ਕਲੀਰੇ ਵੰਡਣ ਦੀ ਰਸਮ ਬੜੀ ਪੁਰਾਣੀ ਹੈ। ਇਹ ਰਸਮ ਪੰਜਾਬੀ ਸਭਿਆਚਾਰ ਦਾ ਹਿੱਸਾ ਬਣੀ ਰਹੀ ਹੈ। ਕਲੀਰਾ ਨਾਰੀਅਲ ਤੇ ਗਿਰੀ ਗੋਲੇ ਦੀਆਂ ਠੂਠੀਆਂ ਨੂੰ ਸਜਾ ਕੇ  ਲਾਲ ਸੂਤੀ ਡੋਰਾਂ ਵਿੱਚ ਪਰੋਇਆ/ਗੁੰਦਿਆ ਜਾਂਦਾ ਹੈ। ਕਲੀਰਿਆਂ ਨੂੰ ਸਜਾਉਣ ਲਈ ਲਾਲ ਸੂਤੀ ਮੌਲ਼ੀ ਦੇ ਧਾਗਿਆਂ ਵਿੱਚ ਕੌਡੀਆਂ ਪਰੋਈਆਂ  ਜਾਂਦੀਆਂ ਹਨ। ਉਨ੍ਹਾਂ ਨੂੰ ਮਖਾਣਿਆਂ ਤੇ ਵਿਸ਼ੇਸ਼ ਤਰ੍ਹਾਂ ਦੀਆਂ ਫੁੱਲੀਆਂ ਨਾਲ ਸਜਾਇਆ ਜਾਂਦਾ ਹੈ ਤੇ ਕਲੀਰਿਆਂ ਨਾਲ ਬੰਨ੍ਹਿਆ ਜਾਂਦਾ ਹੈ।ਪੁਰਾਣੇ ਸਮਿਆਂ ਵਿੱਚ ਘਰ ਦੀਆਂ, ਸਕੇ-ਸਬੰਧੀਆਂ, ਗਲੀ ਮੁਹੱਲੇ ਤੇ ਪਿੰਡ ਦੀਆਂ ਔਰਤਾਂ/ਕੁੜੀਆਂ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਕੁੜੀ ਲਈ ਕਲੀਰੇ ਪਰੋ ਲੈਂਦੀਆਂ ਸਨ।

ਚਾਂਦੀ ਦੇ ਬਣੇ ਕਲੀਰਿਆਂ ਨੂੰ ਗਹਿਣਿਆਂ ਵਾਂਗ ਕੀਮਤੀ ਕਲੀਰੇ ਸਮਝਿਆ ਜਾਂਦਾ ਹੈ।ਉਨ੍ਹਾਂ ਵਿੱਚ ਨਿੱਕੀਆਂ ਗੋਲਾਈਦਾਰ ਕਟੋਰੀਆਂ ਤੇ ਘੁੰਗਰੂ ਲੱਗੇ ਹੁੰਦੇ ਹਨ। ਘੁੰਗਰੂਆਂ ਨਾਲ ਜੜੇ ਕਲੀਰਿਆਂ ,ਫੁੱਲਾਂ ਵਾਲੇ ਕਲੀਰਿਆਂ, ਰੰਗ ਬਰੰਗੇ ਧਾਗਿਆਂ ਦੇ ਕੰਮ ਵਾਲੇ ਕਲੀਰਿਆਂ ,ਰੰਗਦਾਰ ਚਮਕੀਲੇ ਕਾਗਜ਼ਾਂ ਨਾਲ ਸਜਾਏ ਗਏ ਕਲੀਰਿਆਂ ,ਭਾਰੇ ਜਾਂ ਹਲਕੇ ਝੂਮਰ ਵਾਲੇ ਕਲੀਰਿਆਂ ਦੀਆਂ ਵੰਨਗੀਆਂ ਨੂੰ ਕੁੜੀਆਂ ਵਧੇਰੇ ਪਸੰਦ ਕਰਦੀਆਂ ਹਨ। ਵਿਆਹ ਵਾਲੇ ਦਿਨ ਕੁੜੀ ਨੂੰ ਵਰੀ ਦਾ ਸੂਟ ਪਹਿਨਾਉਣ ਪਿੱਛੋਂ ਉਸਦੇ ਨੇੜਲੇ ਰਿਸ਼ਤੇਦਾਰ ਉਸਨੂੰ ਕਲੀਰੇ ਬੰਨ੍ਹਦੇ ਹਨ। ਕੁੜੀ ਨੂੰ ਚੂੜਾ ਪਹਿਨਾਉਣ ਪਿੱਛੋਂ ਉਸਨੂੰ ਕਲੀਰੇ ਬੰਨ੍ਹੇ ਜਾਂਦੇ ਹਨ। ਕੁੜੀ ਦੀ ਮਾਂ ਤੇ ਮਾਮਿਆਂ ਵੱਲੋਂ ਸਭ ਤੋਂ ਪਹਿਲਾਂ ਬੰਨ੍ਹੇ ਜਾਣ ਵਾਲੇ ਕਲੀਰਿਆਂ ਨੂੰ ਜੇਠੇ ਕਲੀਰੇ ਕਿਹਾ ਜਾਂਦਾ ਹੈ। ਫਿਰ ਬਾਕੀ ਰਿਸ਼ਤੇਦਾਰਾਂ ,ਸ਼ਰੀਕੇ- ਭਾਈਚਾਰੇ ਦੀਆਂ ਔਰਤਾਂ /ਕੁੜੀਆਂ ਵੱਲੋਂ ਕੁੜੀ ਨੂੰ ਕਲੀਰੇ ਬੰਨ੍ਹੇ ਜਾਂਦੇ ਹਨ।ਵਿਆਹ ਵਾਲੀ ਕੁੜੀ ਆਪਣੀਆਂ ਦੋਹਾਂ ਬਾਹਵਾਂ ਦੀਆਂ ਕਲਾਈਆਂ ਉੱਤੇ ਕਲੀਰੇ ਬੰਨ੍ਹਦੀ ਹੈ। ਡਾ.ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ ਇਸਨੂੰ ” ਸੁੱਖ ਮੰਗਲ ਦਾ ਸੂਚਕ ” ਸਮਝਿਆ ਜਾਂਦਾ ਹੈ(ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਪੰਨਾ 1060 )। ਕੁੜੀ ਦੀਆਂ ਕਲਾਈਆਂ ਨਾਲ ਲਟਕਦੇ ਚਾਂਦੀ ਦੇ ਕਲੀਰੇ ,ਨਾਰੀਅਲ ਦੇ ਕਲੀਰੇ, ਕੌਡੀਆਂ ਆਦਿ ਨਾਲ ਸਜਾਏ ਗਏ ਕਲੀਰੇ ਬਹੁਤ ਸੁੰਦਰ ਲੱਗਦੇ ਹਨ। ਕੁੜੀ ਨੂੰ ਕਲੀਰੇ ਬੰਨ੍ਹਣ ਦੀ ਇਸ ਰਸਮ ਦਾ ਵਿਸ਼ੇਸ਼ ਮਹੱਤਵ ਹੈ ਤੇ ਇਸਨੂੰ ਸ਼ੁੱਭ ਸ਼ਗਨ ਸਮਝਿਆ ਜਾਂਦਾ ਹੈ।

ਕਲੀਰੇ ਵੰਡਣ ਦੀ ਰਸਮ ਕੁੜੀ ਦੀ ਡੋਲੀ ਤੁਰਨ ਤੋਂ ਪਹਿਲਾਂ ਹੁੰਦੀ ਹੈ।ਕੁੜੀ ਕੋਲ ਉਸਦੀਆਂ ਭੈਣਾਂ, ਭਾਬੀਆਂ, ਵੀਰਾਂ ਨੂੰ ਬੁਲਾਇਆ ਜਾਂਦਾ ਹੈ। ਬੰਨ੍ਹੇ ਗਏ, ਇਕੱਠੇ ਹੋਏ ਕਲੀਰਿਆਂ ਵਿੱਚੋਂ ਕੁਝ ਨੂੰ ਤੋੜ ਕੇ ਕੁੜੀ ਆਪਣੀਆਂ ਭੈਣਾਂ, ਭਰਾਵਾਂ, ਭਾਬੀਆਂ ਤੇ ਹੋਰ ਰਿਸ਼ਤੇਦਾਰਾਂ ਨੂੰ ਵੰਡਦੀ ਹੈ। ਇਸ ਰਸਮ ਨੂੰ ਵਿਆਹ ਪਿੱਛੋਂ ਘਰ ਵਿੱਚ ਪਿਆਰ, ਇਤਫ਼ਾਕ, ਖੁਸ਼ਹਾਲੀ,ਬਰਕਤਾਂ ਆਦਿ ਬਣੀਆਂ ਰਹਿਣ ਲਈ ਦੁਆ ਕਰਨ ਵਜੋਂ  ਨਿਭਾਇਆ ਜਾਂਦਾ ਹੈ। ਘਰ ਵਿੱਚ  ਖੁਸ਼ੀਆਂ ਨਾਲ ਭਰਪੂਰ ਤੇ ਸ਼ੁੱਭ ਕਾਰਜ ਹੁੰਦੇ ਰਹਿਣ ਲਈ ਵੀ ਦੁਆ ਕੀਤੀ ਜਾਂਦੀ ਹੈ।ਕਲੀਰੇ ਵੰਡਦਿਆਂ ਹੋਇਆਂ ਕੁੜੀ ਆਪਣੇ ਪੇਕੇ ਘਰ ਲਈ ਵੀ ਖ਼ੈਰ ਸੁੱਖ ਮੰਗਦੀ ਹੈ।ਬਾਹਵਾਂ ਵਿੱਚ ਪਾਏ ਕਲੀਰਿਆਂ ਦੇ ਕੁਝ ਹਿੱਸੇ ਨੂੰ ਕੁੜੀ ਆਪਣੇ ਸਹੁਰੇ ਘਰ ਲੈਕੇ ਜਾਂਦੀ ਹੈ।

ਹੁਣ ਸਮਾਂ ਬਦਲ ਗਿਆ ਹੈ।ਹੁਣ ਬਣੇ -ਬਣਾਏ ਕਲੀਰੇ ਬਾਜ਼ਾਰ ਵਿੱਚੋਂ ਖਰੀਦੇ ਜਾ ਸਕਦੇ ਹਨ।ਉਨ੍ਹਾਂ ਬਣੇ -ਬਣਾਏ ਸੁੰਦਰ ਕਲੀਰਿਆਂ ਵਿੱਚੋਂ  ਬੇਸ਼ੱਕ ਆਪਣੇਪਨ ਦਾ ਅਹਿਸਾਸ ਗ਼ੈਰਹਾਜ਼ਰ ਹੁੰਦਾ ਹੈ ਪਰ ਬਦਲਦੇ ਸਮੇਂ ਨੇ ਚੀਜ਼ਾਂ ਦੇ ਵਿਕਲਪ ਦੀ ਤਲਾਸ਼ ਵੀ ਕਰਨੀ ਹੁੰਦੀ ਹੈ।ਕਲੀਰੇ ਬੰਨ੍ਹਣ ਤੇ ਵੰਡਣ ਦੀ ਰਸਮ  ਹੁਣ ਬੇਸ਼ੱਕ ਘਟਦੀ ਜਾ ਰਹੀ ਹੈ ਪਰ ਉਸਦਾ ਮਹੱਤਵ ਅਜੇ ਤੱਕ ਵੀ ਬਣਿਆ ਹੋਇਆ ਹੈ।ਪਹਿਲਾਂ ਜਿਹੜੇ ਸ਼ਗਨ -ਵਿਹਾਰ ਗਲੀ ਮੁਹੱਲਾ ਰਲ ਮਿਲ ਕੇ ਕਰਦਾ ਸੀ ,ਹੁਣ ਕੇਵਲ ਘਰ ਵਾਲਿਆਂ ਜਾਂ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਤੱਕ ਸਿਮਟ ਕੇ ਰਹਿ ਗਏ ਹਨ।ਕਲੀਰੇ ਬੰਨ੍ਹਣ ਤੇ ਵੰਡਣ ਦੀ ਰਸਮ ਦੇ ਮਹੱਤਵ ਨੂੰ ਵਿਸਾਰਿਆ ਨਹੀਂ ਜਾ ਸਕਦਾ।ਕਲੀਰਿਆਂ ਨਾਲ ਕਈ ਲੋਕ ਵਿਸ਼ਵਾਸ ਤੇ ਰਿਵਾਇਤਾਂ ਵੀ ਜੁੜੀਆਂ ਹੋਈਆਂ ਹਨ। ਕੁਝ ਵੀ ਹੋਵੇ ਪੰਜਾਬੀ ਸਭਿਆਚਾਰ ਵਿੱਚ ਕਲੀਰਿਆਂ ਦੇ ਮਹੱਤਵ ਨੇ ਆਪਣਾ ਸਥਾਨ ਬਣਾਈ ਰੱਖਣਾ ਹੈ।