ਡੋਰੇ ਖਿੱਚ ਸੁਰਮਾ ਨਾ ਪਾਈਏ….

ਕੱਜਲ, ਸੁਰਮਾ ਅਤੇ ਲੋਅ ਨਾਰੀ ਦੀਆਂ ਅੱਖੀਆਂ ਦੇ ਸ਼ਿੰਗਾਰ ਦਾ ਅਟੁੱਟ ਹਿੱਸੇ ਰਹੇ ਹਨ। ਮੁੱਢ ਕਦੀਮ ਤੋਂ ਹੀ ਤ੍ਰੀਮਤਾਂ ਨੂੰ ਆਪਣੇ ਆਪ ਨੂੰ ਸ਼ਿੰਗਾਰਨ, ਸਜਾਵਣ ਤੇ ਨਿਖਾਰਨ ਦਾ ਬੇਹੱਦ ਸ਼ੌਕ ਰਿਹਾ ਹੈ। ਔਰਤਾਂ ਆਪਣੀਆਂ ਅੱਖਾਂ ਦੀ ਸੁੰਦਰਤਾ ਵਿੱਚ ਵਾਧੇ ਲਈ ਹਮੇਸ਼ਾਂ ਹੀ ਲੋਅ, ਕੱਜਲ ਅਤੇ ਸੁਰਮਾ ਪਾ ਕੇ ਖਿੱਚ ਦਾ ਕੇਂਦਰ ਬਣਦੀਆਂ ਹਨ।
ਅੱਖਾਂ ਦੀ ਖਿੱਚ ਵਧਾਉਣ ਦੀ ਪਰੰਪਰਾ ਸਦੀਆਂ ਪੁਰਾਣੀ ਹੈ। ਭਾਵੇਂ ਅੱਜਕੱਲ੍ਹ ਅੱਖਾਂ ਨੂੰ ਸਜਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਪ੍ਰਚੱਲਿਤ ਹੋ ਗਈਆਂ ਹਨ, ਪਰ ਲੋਅ, ਕੱਜਲ ਅਤੇ ਸੁਰਮਾ ਪਾਉਣ ਦੀ ਆਪਣੀ ਹੀ ਮਹੱਤਤਾ ਹੈ। ਮੋਹਿੰਜੋਦੜੋ ਅਤੇ ਹੜੱਪਾ ਸਭਿਅਤਾਵਾਂ ਦੀ ਖੁਦਾਈ ਸਮੇਂ ਉੱਥੋਂ ਨਿਕਲੀਆਂ ਲਾਖ ਦੀਆਂ ਬਣੀਆਂ ਨਮੂਨੇਦਾਰ ਸੂਰਮੇਦਾਨੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਉਨ੍ਹਾਂ ਸਮਿਆਂ ਵਿੱਚ ਵੀ ਔਰਤਾਂ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਉਣ ਦੀਆਂ ਸ਼ੌਕੀਨ ਹੁੰਦੀਆਂ ਸਨ।
ਲੋਅ, ਕੱਜਲ ਅਤੇ ਸੁਰਮੇ ਵਿੱਚ ਇੱਕ ਦੂਜੇ ਨਾਲੋਂ ਅੰਤਰ ਹੈ। ਵਧੀਆ ਸੁਰਮਾ ਕਿਸੇ ਖ਼ਾਸ ਕਿਸਮ ਦੇ ਪਥਰੀਲੇ ਪਦਾਰਥ ਐਂਟੀਮਨੀ ਸਲਫਾਈਡ ਨੂੰ ਰਗੜ ਕੇ ਤਿਆਰ ਕੀਤਾ ਜਾਂਦਾ ਸੀ। ਦੂਜੇ ਪਾਸੇ ਵਡੇਰੀ ਉਮਰ ਦੀਆਂ ਤ੍ਰੀਮਤਾਂ ਦੇਸੀ ਘਿਉ ਜਾਂ ਸਰ੍ਹੋਂ ਦੇ ਤੇਲ ਦਾ ਦੀਵਾ ਬਾਲ ਕੇ ਉਸ ਉਪਰ ਕੱਚੀ ਮਿੱਟੀ ਦੀ ਪਕਾ ਕੇ ਬਣਾਈ ਹੋਈ ਠੂਠੀ ਜਾਂ ਪਿੱਤਲ-ਤਾਂਬੇ ਦੀ ਡੂੰਘੀ ਜਿਹੀ ਕੌਲੀ ਨੂੰ ਦੀਵੇ ਦੀ ਲਾਟ ਉਪਰ ਮੂਧੀ ਮਾਰ ਕੇ ਉਸ ਦੀ ਲੋਅ ਨਾਲ ਘਰ ਵਿੱਚ ਹੀ ਕੱਜਲ/ਲੋਅ ਤਿਆਰ ਕਰ ਲੈਂਦੀਆਂ ਸਨ। ਕੱਜਲ, ਸੁਰਮੇ ਨਾਲੋਂ ਵਧੇਰੇ ਕਾਲਾ ਅਤੇ ਗਾੜ੍ਹਾ ਹੁੰਦਾ ਹੈ ਅਤੇ ਅੱਖਾਂ ਨੂੰ ਘੱਟ ਨੁਕਸਾਨ ਪਹੁੰਚਾਉਂਦਾ ਹੈ। ਕਿਸੇ ਪਥਰੀਲੇ ਪਦਾਰਥ ਤੋਂ ਬਣਿਆ ਸੁਰਮਾ ਮਹਿੰਗਾ ਅਤੇ ਘੱਟ ਮਾਤਰਾ ਵਿੱਚ ਮਿਲਦਾ ਹੈ। ਡਾਕਟਰਾਂ ਦੀ ਰਾਇ ਮੁਤਾਬਿਕ ਇਸ ਤਰ੍ਹਾਂ ਦੇ ਸੁਰਮੇ ਕਈ ਵਾਰ ਅੱਖਾਂ ਦੀਆਂ ਬਿਮਾਰੀਆਂ ਨੂੰ ਸੱਦਾ ਵੀ ਦੇ ਜਾਂਦੇ ਹਨ।
ਸੁਰਮਾ ਅਤੇ ਕੱਜਲ ਅੱਖਾਂ ਦੇ ਸ਼ਿੰਗਾਰ ਦਾ ਸਾਧਨ ਹੋਣ ਦਾ ਜ਼ਿਕਰ ਸਾਡੇ ਗੀਤਾਂ ਲੋਕ ਗੀਤਾਂ ਵਿੱਚ ਆਮ ਮਿਲਦਾ ਹੈ। ਸਿਆਣੇ ਕਹਿੰਦੇ ਹਨ ਕਿ ਸੁਰਮਾ ਪਾਉਣਾ ਵੀ ਇੱਕ ਕਲਾ ਹੈ। ਇੱਕ ਕਹਾਵਤ ਹੈ: ਸੁਰਮਾ ਪਾ ਤਾਂ ਹਰ ਕੋਈ ਲੈਂਦਾ ਹੈ, ਪਰ ਮਟਕਾਉਣਾ ਕਿਸੇ ਕਿਸੇ ਨੂੰ ਹੀ ਆਉਂਦਾ ਹੈ। ਪੁਰਾਣੇ ਵੇਲਿਆਂ ਵਿੱਚ ਮੁਟਿਆਰ ਲਈ ਪੂਛਾਂ ਖਿੱਚ ਕੇ ਸੁਰਮਾ ਪਾਉਣਾ ਵਰਜਿਤ ਸਮਝਿਆ ਜਾਂਦਾ ਸੀ। ਘਰ ਦੀ ਸਿਆਣੀ ਔਰਤ ਅੱਲੜ੍ਹ ਮੁਟਿਆਰ ਨੂੰ ਸਮਝਾਉਂਦੀ ਹੋਈ ਕਹਿੰਦੀ:
ਡੋਰੇ ਖਿੱਚ ਸੁਰਮਾ ਨਾ ਪਾਈਏ,
ਧੀਏ ਘਰ ਮਾਪਿਆਂ ਦੇ।
ਪਰ ਉਹ ਤਾਂ ਕਹਿੰਦੀ ਹੈ:
ਕਾਲਾ ਸੁਰਮਾ ਅੱਖਾਂ ਦਾ ਦਾਰੂ
ਲੋਕੀਂ ਭੈੜੇ ਲਾਉਣ ਤੋਹਮਤਾਂ।
ਜੇ ਕੋਈ ਕੁੜੀ ਸ਼ੌਕ ਨਾਲ ਮੱਲੋ-ਜ਼ੋਰੀ ਘਰਦਿਆਂ ਤੋਂ ਚੋਰੀ ਸੁਰਮੇ ਦੀਆਂ ਦੋ ਚਾਰ ਸਲਾਈਆਂ ਅੱਖਾਂ ਵਿੱਚ ਪਾ ਲੈਂਦੀ ਤਾਂ ਕਈ ਵਾਰ ਇੰਜ ਹੁੰਦਾ:
ਖਿੜਕੀ ਓਹਲੇ ਮੈਂ ਸੁਰਮਾ ਪਾਇਆ
ਉਪਰੋਂ ਆ ਗਿਆ ਤਾਇਆ,
ਨੀਂ ਰੋ-ਰੋ ਨਿਕਲ ਗਿਆ
ਬੜੇ ਸ਼ੌਕ ਨਾਲ ਪਾਇਆ।
ਸੁਰਮਾ ਸੰਭਾਲ ਕੇ ਰੱਖਣ ਲਈ ਇੱਕ ਵਧੀਆ ਨਮੂਨੇਦਾਰ ਸੁਰਮੇਦਾਨੀ ਬਣੀ ਹੁੰਦੀ ਹੈ। ਇਸ ਦੀ ਪਛਾਣ ਕਿਸੇ ਕਲਾਵਤੀ ਮੁਟਿਆਰ ਨੂੰ ਹੀ ਹੁੰਦੀ ਹੈ। ਸੁਰਮਾ ਔਰਤਾਂ ਦੇ ਸ਼ਿੰਗਾਰ ਦਾ ਹਿੱਸਾ ਤਾਂ ਹੈ ਹੀ, ਪਰ ਜਦੋਂ ਧਾਰੀ ਬੰਨ੍ਹ ਕੇ ਪਾਇਆ ਸੁਰਮਾ ਮੋੜ ਉਪਰ ਜਾਂ ਗਿੱਧੇ ਦੇ ਪਿੜ ਵਿੱਚ ਆਪਣਾ ਰੂਪ ਦਿਖਾਉਂਦਾ ਹੈ ਤਾਂ ਗੀਤ ਯਾਦ ਆਉਂਦਾ ਹੈ:
ਸੁਰਮਾ ਪੰਜ ਰੱਤੀਆਂ ਪਾ ਕੇ ਮੋੜ ’ਤੇ ਖੜ੍ਹਗੀ।
ਜਿਨ੍ਹਾਂ ਨੇ ਆਪਣੀਆਂ ਅੱਖੀਆਂ ਵਿੱਚ ਪਿਆਰ ਮੁਹੱਬਤ ਦੀਆਂ ਸੁਰਮ ਸਲਾਈਆਂ ਪਾ ਲਈਆਂ ਹੋਣ, ਉਨ੍ਹਾਂ ਲਈ ਸੁਰਮਾ ਪਾਉਣਾ ਔਖਾ ਹੋ ਜਾਂਦਾ ਹੈ ਕਿਉਂਕਿ ਉਨ੍ਹਾਂ ਦਾ ਪਿਆਰ ਤਾਂ ਅੱਖੀਆਂ ਵਿੱਚ ਵਸ ਜਾਂਦਾ ਹੈ। ਇੱਕ ਸ਼ਾਇਰ ਕਹਿੰਦਾ ਹੈ:
ਕਿਹੜੀ ਅੱਖ ਵਿੱਚ ਪਾਵਾਂ ਸੁਰਮਾ
ਵੇ ਦੋਵਾਂ ਵਿੱਚ ਤੂੰ ਵਸਦਾ।
ਅਜੋਕੇ ਫੈਸ਼ਨ ਦੇ ਯੁੱਗ ਵਿੱਚ ਵੀ ਸੁਰਮੇ ਨੇ ਆਪਣੀ ਥਾਂ ਜਿਉਂ ਦੀ ਤਿਉਂ ਬਰਕਰਾਰ ਰੱਖੀ ਹੋਈ ਹੈ, ਪ ਹੁਣ ਲੋਅ/ਕੱਜਲ ਦੀ ਥਾਂ ਪੈਨਸਿਲਨੁਮਾ ਅਜੋਕੇ ਸਾਧਨਾਂ ਨੇ ਲੈ ਲਈ ਹੈ। ਅੱਖਾਂ ਨੂੰ ਸ਼ਿੰਗਾਰਨ ਵਿੱਚ ਸੁਰਮਾ ਵਧੀਆ ਰੋਲ ਨਿਭਾਅ ਰਿਹਾ ਹੈ। ਇਸ ਦੇ ਨਾਲ ਹੀ ਬਰਾਤ ਚੜ੍ਹਨ ਤੋਂ ਪਹਿਲਾਂ ਲਾੜੇ ਦੇ ਰੂਪ ਵਿੱਚ ਸਜੇ ਫੱਬੇ ਆਪਣੇ ਲਾਡਲੇ ਦਿਓਰ ਦੀਆਂ ਅੱਖਾਂ ਵਿੱਚ ਸੁਰਮਾ ਪਾਉਣ ਦੀ ਰਸਮ ਭਰਜਾਈ ਨਿਭਾਉਂਦੀ ਹੈ। ਇਹ ਰਸਮ ਸਦੀਆਂ ਤੋਂ ਚਲੀ ਆ ਰਹੀ ਹੈ। ਇਸ ਸਬੰਧੀ ਲੰਮੀ ਹੇਕ ਵਾਲਾ ਲੋਕ ਗੀਤ ਹੈ:
ਸੁਰਮ ਸਲਾਈਆਂ ਤੈਨੂੰ ਕਿਸ ਪਾਈਆਂ
ਸੁਰਮ ਸਲਾਈਆਂ ਤੈਨੂੰ ਭਾਬੀ ਨੇ ਪਾਈਆਂ।
ਇਸ ਤਰ੍ਹਾਂ ਹੀ ਇੱਕ ਵੰਨਗੀ ਦਾ ਰੂਪ ਹੈ:
ਪਹਿਲੀ ਸਲਾਈ ਮੈਂ ਪਾਵਾਂ, ਵੇ ਦਿਓਰਨ ਮੇਰਿਆ
ਕਿਤੇ ਦੂਜੀ ਨਾ ਕਰ ਲਈਂ ਵੇ ਬੰਦ,
ਤੀਜੀ ਸਲਾਈ ਤਾਂ ਪਾਵਾਂ, ਵੇ ਦਿਓਰਨ ਮੇਰਿਆ
ਜੇ ਮੋਹਰਾਂ ਦੇਵੇਂ ਪੰਜ…।
ਇਸ ਤਰ੍ਹਾਂ ਲੋਅ ਕੱਜਲ ਅਤੇ ਸੁਰਮਾ ਸਾਡੇ ਸੱਭਿਆਚਾਰ ਵਿੱਚ ਆਪਣੀ ਵਿਸ਼ੇਸ ਥਾਂ ਰੱਖਦਾ ਹੈ।
-ਸਨੇਹਇੰਦਰ ਸਿੰਘ ਮੀਲੂ