ਪਾਕਿਸਤਾਨ ਖੇਡਣ ਗਈ ਕਬੱਡੀ ਟੀਮ ‘ਤੇ ਪਾਬੰਦੀ ਲੱਗੇਗੀ!

ਨਵੀਂ ਦਿੱਲੀ – ਭਾਰਤ ਦੇ ਕੇਂਦਰੀ ਖੇਡ ਮੰਤਰਾਲੇ ਨਾਲ ਸਬੰਧਤ ਐਮਚਿਊਰ ਕਬੱਡੀ ਫ਼ੈਡਰੇਸ਼ਨ ਆਫ਼ ਇੰਡੀਆ ਨੇ ਪਾਕਿਸਤਾਨ ਕੋਲ ਇਸ ਗੱਲ ਦਾ ਸਖ਼ਤ ਇਤਰਾਜ਼ ਜਤਾਉਂਦਿਆਂ ਭਾਰਤੀ ਜਰਸੀ ‘ਚ ਖੇਡ ਰਹੇ ਭਾਰਤੀ ਕਬੱਡੀ ਖਿਡਾਰੀਆਂ ‘ਤੇ ਤੁਰੰਤ ਪਾਬੰਦੀ ਲਗਾਉਣ ਲਈ ਕਿਹਾ ਹੈ। ਇਸ ਨਾਲ ਪਾਕਿਸਤਾਨ ‘ਚ ਹੋ ਰਹੇ ਵਿਸ਼ਵ ਕਬੱਡੀ ਕੱਪ ਵਿਚ ਬਿਨਾਂ ਮਨਜੂਰੀ ਭਾਗ ਲੈਣ ਲਈ ਗਏ ਭਾਰਤੀ ਖਿਡਾਰੀਆਂ ਲਈ ਵੱਡੀ ਮੁਸ਼ਕਲ ਪੈਦਾ ਹੋ ਗਈ ਹੈ।

ਇਸੇ ਦੌਰਾਨ ਪਤਾ ਚੱਲਿਆ ਹੈ ਕਿ ਪਿਛਲੇ ਪੰਜ ਦਿਨਾਂ ਤੋਂ ਬਿਨਾਂ ਮਨਜੂਰੀ ਪਾਕਿਸਤਾਨ ਜਾਣ, ਭਾਰਤੀ ਦੀ ਕੌਮੀ ਨੀਲੇ ਰੰਗ ਦੀ ਜਰਸੀ ਵਿਚ ਖੇਡਣ ਤੇ ਕਬੱਡੀ ਕੱਪ ਦੇ ਉਦਘਾਟਨ ਮੌਕੇ ਭਾਰਤੀ ਤਿਰੰਗਾ ਲਹਿਰਾ ਕੇ ਮਾਰਚ ਪਾਸਟ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੋਦੀ ਸਰਕਾਰ ਨੇ ਮਾਮਲੇ ਦੀ ਅੰਦਰਖ਼ਾਤੇ ਪੜਤਾਲ ਵਿੱਢ ਦਿਤੀ ਹੈ। ਉਧਰ ਅੱਜ ਭਾਰਤ ਨੇ ਪਾਕਿਸਤਾਨੀ ਕਬੱਡੀ ਫ਼ੈਡਰੇਸ਼ਨ ਨੂੰ ਪੱਤਰ ਲਿਖ ਕੇ ਕਈ ਸਵਾਲਾਂ ਦੇ ਉਤਰ ਵੀ ਮੰਗੇ ਹਨ, ਜਿਸ ਵਿਚ ਪੁਛਿਆ ਹੈ ਕਿ ਭਾਰਤੀ ਖਿਡਾਰੀਆਂ ਨੂੰ ਸੱਦਾ ਕਿਸ ਵਲੋਂ ਦਿਤਾ ਗਿਆ ਤੇ ਇਸ ਸੱਦੇ ਨੂੰ ਕਿਸ ਨੇ ਪ੍ਰਵਾਨ ਕੀਤਾ। ਇਹ ਵੀ ਪੁੱਛਿਆ ਗਿਆ ਹੈ ਕਿ ਭਾਰਤ ਤੋਂ ਕਿਹੜੇ-ਕਿਹੜੇ ਖਿਡਾਰੀ, ਕੋਚ, ਆਫ਼ੀਸਲ, ਟੈਕਨੀਕਲ ਮਾਹਰ ਤੇ ਅਹੁਦੇਦਾਰ ਪਾਕਿਸਤਾਨ ਪੁੱਜੇ ਹਨ ਤੇ ਇਨ੍ਹਾਂ ਨੂੰ ਭੇਜਣ ਦੀ ਸਿਫ਼ਾਰਿਸ਼ ਕਿਸ ਵਲੋਂ ਕੀਤੀ ਗਈ ਹੈ। ਇਹ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਕਿ ਵਾਹਗਾ ਬਾਰਡਰ ਟੱਪਦੇ ਹੀ ਭਾਰਤੀ ਖਿਡਾਰੀਆਂ ਤੋਂ ਪੁਛਗਿਛ ਕਰਨ ਤੇ ਪਾਕਿਸਤਾਨ ਦਾ ਸੱਦਾ ਸਵੀਕਾਰ ਕਰਨ ਵਾਲੀ ਪੰਜਾਬ ਕਬੱਡੀ ਐਸੋਸੀਏਸ਼ਨ ਵਿਰੁਧ ਸਖ਼ਤ ਵੀ ਸਖਤ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਪਾਕਿਸਤਾਨ ਗਏ ਭਾਰਤੀ ਖਿਡਾਰੀਆਂ ਨੂੰ ਦੀ ਚੋਣ ਕਿਸ ਨੇ ਕੀਤੀ ਤੇ ਥੋਕ ‘ਚ ਵੀਜ਼ੇ ਦਿਵਾਉਣ ਅਤੇ ਵਿਤੀ ਮਦਦ ਕਰਨ ਵਾਲੀ ਸੰਸਥਾ ਦਾ ਨਾਂ ਵੀ ਪੁਛਿਆ ਗਿਆ ਹੈ। ਉਚ ਸੂਤਰਾਂ ਮੁਤਾਬਕ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਖ਼ਾਸਮਖ਼ਾਸ ਮੰਨੇ ਜਾਂਦੇ ਕਬੱਡੀ ਕੋਚ ਹਰਪ੍ਰੀਤ ਸਿੰਘ ਬਾਬਾ ਤੇ ਸਹਾਇਕ ਸਿਖਿਆ ਅਫ਼ਸਰ ਗੁਰਪ੍ਰੀਤ ਸਿੰਘ ਸਿੱਧੂ ‘ਤੇ ਵੀ ਪੰਜਾਬ ਸਰਕਾਰ ਨੇ ਸਿਕੰਜ਼ਾ ਕਸਣ ਦੀ ਤਿਆਰੀ ਵਿੱਢ ਦਿਤੀ ਹੈ।