“ਪੁੱਠਾ ਪੰਗਾ ਲੈ ਲਿਆ ਮੋਦੀਆ, ਐਵੇਂ ਸੁੱਤੇ ਹੋਏ ਸ਼ੇਰ ਨੂੰ ਜਗਾ ਕੇ”

ਦੇਸ਼ ਦੇ ਵਪਾਰੀਆਂ ਨੂੰ ਜੀ.ਐਸ.ਟੀ. ਸਮਝ ਨਹੀਂ ਆਈ, ਕਸ਼ਮੀਰੀਆਂ ਨੂੰ ਧਾਰਾ ੩੭੦ ਹਟਾਉਣ ਦੇ ਫਾਇਦੇ ਸਮਝ ਨਹੀਂ ਆਏ, ਮੁਸਲਮਾਨਾਂ ਨੂੰ ਸੀ.ਏ.ਏ. ਅਤੇ ਐਨ.ਆਰ.ਸੀ. ਸਮਝ ਨਹੀਂ ਆਈ, ਦੇਸ ਦੀ ਸਮੁੱਚੀ ਜਨਤਾ ਨੂੰ ਨੋਟਬੰਦੀ ਦੇ ਫਾਇਦੇ ਸਮਝ ਨਹੀਂ ਆਏ ਅਤੇ ਹੁਣ ਕਿਸਾਨਾਂ ਨੂੰ ਖੇਤੀ ਸਬੰਧੀ ਬਣਾਏ ਗਏ ਕਾਨੂੰਨ ਸਮਝ ਨਹੀ ਆ ਰਹੇ । ਆਖਰ ਮੋਦੀ-ਸ਼ਾਹ ਦੀ ਸੁਪਰਹਿੱਟ ਜੋੜੀ ਕਿਸ ਭਾਸ਼ਾ ‘ਚ ਕਾਨੂੰਨ ਬਣਾਉਦੀ ਹੈ ਜੋ ਆਪਣੇ ਹੀ ਦੇਸ਼ਵਾਸੀਆਂ ਨੂੰ ਸਮਝ ਹੀ ਨਹੀ ਆ ਰਹੇ ।
ਭਾਜਪਾ ਦੀ ਕੇਂਦਰ ਸਰਕਾਰ ਨੇ ਕਰੋਨਾ ਮਹਾਂਮਾਰੀ ਦੌਰਾਨ ਲੱਗੇ ਲਾਕਡਾਉਨ ਚੋਰੀ-ਚੋਰੀ ਤਿਆਰ ਕੀਤੇ ਤਿੰਨ ਖੇਤੀ ਕਾਨੂੰਨਾਂ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਦੇ ਰਾਹ ਤੇ ਲਿਆ ਕੇ ਖੜਾ ਕਰ ਦਿਤਾ ਹੈ । ਅੱਜ ਇਹ ਅੰਦੋਲਨ ਸਿਰਫ ਕਿਸਾਨਾਂ ਦਾ ਨਾ ਹੋ ਕੇ ਜਨ-ਅੰਦੋਲਨ ਬਣ ਚੁੱਕਾ ਹੈ । ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਦੇਸ਼ ਦੇ ਸਾਰੇ ਸੂਬਿਆਂ ਤੋਂ ਲੋਕ ਵੱਡੀ ਗਿਣਤੀ ‘ਚ ਆ ਰਹੇ ਹਨ ਹੁਣ ਇਸ ਦੀ ਚਰਚਾ ਭਾਰਤ ਵਿੱਚ ਹੀ ਨਹੀਂ ਬਲਿਕ ਪੂਰੇ ਵਿਸ਼ਵ ਵਿੱਚ ਛਿੜ ਗਈ ਹੈ । ਦਿੱਲੀ ਦੀਆਂ ਸੀਮਾਵਾਂ ਤੇ ਅੰਦੋਲਨ ਕਰ ਰਹੇ ਵੱਖ-ਵੱਖ ਸੂਬਿਆਂ ਦੇ ਲੱਖਾਂ ਕਿਸਾਨਾਂ ਤੇ ਹਰਿਆਣਾ ਅਤੇ ਕੇਂਦਰ ਸਰਕਾਰ ਦੀ ਸਖਤੀ ਅਤੇ ਅਭੱਦਰ ਵਤੀਰੇ ਲਈ ਵਿਦੇਸ਼ਾਂ ਵਿੱਚ ਵਸਦੇ ਪ੍ਰਵਾਸੀ ਪੰਜਾਬੀਆਂ, ਕੈਨੇਡਾ ਦੇ ਸੰਸਦ ਮੈਂਬਰ ਹਰਜੀਤ ਸਿੰਘ ਸੱਜਣ, ਰੂਬੀ ਸਹੋਤਾ, ਜਗਮੀਤ ਸਿੰਘ, ਨਵਦੀਪ ਬੈਂਸ, ਕਮਲ ਖਹਿਰਾ, ਸੋਨੀਆ ਸਿਧੂ, ਰਣਦੀਪ ਸਰਾਏ, ਸੁੱਖ ਧਾਲੀਵਾਲ, ਟਿਮ ਉੱਪਲ, ਸਜਰਾਜ ਸਿੰਘ ਸਮੇਤ ਪਤਵੰਤਿਆਂ ਨੇ ਕਰੜੀ ਨਿੰਦਾ ਕੀਤੀ ਹੈ ।
ਦੇਸ਼ ਦੇ ਅਜੋਕੇ ਹਾਲਾਤ ਦੇਖ ਕੇ ਜਾਪਦਾ ਹੈ ਕਿ ਮੋਦੀ-ਸ਼ਾਹ ਨੂੰ ਪੰਜਾਬ ਅਤੇ ਇੱਥੋਂ ਦੀ ਰਾਜਨੀਤੀ ਦੀ ਉੱਕਾ ਹੀ ਸਮਝ ਨਹੀ ਹੈ ਜੇਕਰ ਉਨਾਂ ਨੂੰ ਪੰਜਾਬ ਦੀ ਸਮਾਜਿਕ, ਇਤਿਹਾਸਕ ਅਤੇ ਭੂਗੋਲਿਕ ਸਥਿਤੀ ਦੀ ਜਾਣਕਾਰੀ ਹੁੰਦੀ ਤਾਂ ਪੰਜਾਬ ਦੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਮਾਮਲੇ ‘ਚ ਅੱਜ ਦੇਸ਼ ਦੇ ਹਾਲਤ ਇਹ ਨਾ ਹੁੰਦੇ । ਉਤਰ ਭਾਰਤ ਵਿੱਚੋਂ ਪੰਜਾਬ ਸੂਬੇ ਦੀ ਸਥਿਤੀ ਬਿਲਕੁਲ ਅਲਗ ਹੈ ਜਿਸ ਨੇ ਮੋਦੀ ਦੇ ਜਾਦੂ ਤੋਂ ਖੁਦ ਨੂੰ ਅਲੱਗ ਰੱਖਿਆ ਹੋਇਆ ਹੈ । ਖੇਤੀ ਪੰਜਾਬ ਦੇ ਲੋਕਾਂ ਦਾ ਸਿਰਫ ਕਿਤਾ ਹੀ ਨਹੀਂ ਬਲਿਕ ਵਿਰਾਸਤ ਅਤੇ ਤਹਿਜ਼ੀਬ ਵੀ ਹੈ । ਭਾਰਤ ਦੀ ਅਬਾਦੀ ਦਾ 2% ਪੰਜਾਬੀ ਕਿਸਾਨ ਦੇਸ਼ ਦਾ 40 ਫੀਸਦ ਅੰਨ ਭੰਡਾਰ ਪੈਦਾ ਕਰਦਾ ਹੈ ।
2014 ਤੋਂ 2019 ਦੀਆਂ ਚੋਣਾਂ ਦੌਰਾਨ ਪੰਜਾਬੀਆਂ ਨੇ ਭਾਜਪਾ ਦੀ ਜਗਾ ‘ਆਪ’ ਨੂੰ ਵੋਟ ਦਿਤਾ ਬਜਾਏ ਇਸ ਦੇ ਕਿ ਇਥੋਂ ਵੀ ਸਿੱਖ ਬਹੁਲਤਾ ਅਬਾਦੀ ਦੀ ਆਪਣੀ ਪਾਰਟੀ ਸ੍ਰੋਮਣੀ ਅਕਾਲੀ ਦਲ ਬਾਦਲ ਭਾਜਪਾ ਦਾ ਸਹਿਯੋਗੀ ਸੀ । 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਮੋਦੀ ਮੈਜਿਕ ਦਾ ਪੰਜਾਬ ਤੇ ਕੋਈ ਅਸਰ ਨਾ ਹੋਇਆ ।
ਪੰਜਾਬ ਦੀ ਇੱਕ ਪੁਰਾਣੀ ਕਹਾਵਤ ਹੈ ਕਿ “ਜੱਟ ਗੰਨਾ ਨਹੀ ਦਿੰਦਾ, ਭੇਲੀ ਦੇ ਦਿੰਦੈ” ਇਸ ਕਹਾਵਤ ਤੋਂ ਕੁਝ ਸਿੱਖਣਾ ਚਾਹੀਦਾ ਸੀ ਕਿ ਕਿਸੇ ਜੱਟ ਕਿਸਾਨ ਤੋਂ ਤੁਸੀਂ ਉਸਦੇ ਖੇਤ ਵਿੱਚੋਂ ਜਬਰਦਸਤੀ ਇੱਕ ਗੰਨਾ ਨਹੀਂ ਲਿਜਾ ਸਕਦੇ ਪਰੰਤੂ ਨਿਮਰਤਾ ਅਤੇ ਪਿਆਰ ਨਾਲ ਉਸਨੂੰ ਖੁਸ਼ ਕਰਕੇ ਉਸਤੋਂ ਗੁੜ ਦੀ ਭੇਲੀ ਲੈ ਸਕਦੇ ਹੋ । ਬਸ ਆਪ ਨੂੰ ਦੋਸਤੀ ਨਰਮੀ ਨਾਲ ਪੇਸ਼ ਆਉਣਾ ਜਰੂਰੀ ਹੈ ਪਰੰਤੂ ਖੇਤੀ ਕਾਨੂੰਨਾਂ ਦੇ ਮਾਮਲੇ ‘ਚ ਭਾਜਪਾ ਨੇ ਇਸ ਤੋਂ ਬਿਲਕੁਲ ਉਲਟਾ ਕੀਤਾ ਹੈ ।
ਮੋਦੀ-ਸ਼ਾਹ ਦੀ ਭਾਜਪਾ ਬੁਨਿਆਦੀ ਰਾਜਨੀਤੀ ਮੋਦੀ ਦੀ ਲੋਕਪ੍ਰਿਯਤਾ, ਹਿੰਦੂਤਵ ਦਾ ਏਜੰਡਾ, ਭ੍ਰਿਸ਼ਟਾਚਾਰ ਮੁਕਤ ਛਵੀ ਅਤੇ ਰਾਸ਼ਟਰਵਾਦ ਤੇ ਚਲਦੀ ਹੈ । ਪਰੰਤੂ ਪੰਜਾਬ ਵਿੱਚ ਇਹ ਕਿਉਂ ਨਾਕਾਮ ਹੋਈ? ਖੇਤੀ ਕਾਨੂੰਨਾਂ ਨੂੰ ਲੈ ਕੇ ਦੂਜੇ ਖੇਤੀ ਪ੍ਰਧਾਨ ਸੂਬਿਆਂ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਦੀ ਏਨੀ ਤਪਸ਼ ਨਹੀਂ ਜਿਨੀ ਪੰਜਾਬ ਵਿੱਚ ਹੈ ਕਿਉਂਕਿ ਇਹ ਰਾਜ ਅਤੇ ਸਿੱਖ ਕੌਮ ਦਾ ਇਤਿਹਾਸ ਅਤੇ ਭੂਗੋਲ ਬਾਕੀ ਸੂਬਿਆਂ ਤੋਂ ਬਿਲਕੁਲ ਵੱਖਰਾ ਹੈ । ਪੰਜਾਬ ਵਿੱਚ ਪਰੰਪਰਾਗਤ ਹਿੰਦੂ-ਮੁਸਲਿਮ ਵਾਲਾ ਫੰਡਾ ਵੀ ਕੰਮ ਨਾ ਆਇਆ ਕਿਉਂਕ ਮੋਦੀ-ਸ਼ਾਹ ਨੇ ਸਿਲੇਬਸ ਵਿੱਚ ਸਿਰਫ ਹਿੰਦੂ-ਮੁਸਲਿਮ ਦੀ ਹੀ ਪੜਾਈ ਕੀਤੀ ਸੀ ਪਰੰਤੂ ਇਮਤਿਹਾਨ ‘ਚ ਸਿੱਖ ਅਤੇ ਕਿਸਾਨ ਆ ਗਏ । ਪੰਜਾਬ ਅੰਦਰ ਜੋ ਥੋੜੇ ਜਿਹੇ ਮੁਸਲਮਾਨ ਮਾਲੇਰਕੋਟਲਾ ‘ਚ ਰਹਿੰਦੇ ਹਨ ਉਨਾਂ ਲਈ ਸਿੱਖ ਕੌਮ ਵਿੱਚ ਅਥਾਹ ਪਿਆਰ ਅਤੇ ਸਤਿਕਾਰ ਹੈ ਜਿਸਦਾ ਵੱਡਾ ਕਾਰਣ ਹੈ ਨਵਾਬ ਮਾਲੇਰਕੋਟਲਾ ਵੱਲੋਂ ਸਿਖਾਂ ਦੇ ਦਸਵੇਂ ਗੁਰੁ ਸ੍ਰੀ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮੌਕੇ ਹਾਅ ਦਾ ਨਾਅਰਾ ਮਾਰਨਾ ਹੈ।
ਕੇਂਦਰ ਸਕਰਾਰ ਕਿਸਾਨ ਜੱਥੇਬੰਦੀਆਂ ਨਾਲ ਵਾਰ-ਵਾਰ ਮੀਟਿੰਗਾਂ ਕਰਕੇ ਉਨਾਂ ਨੂੰ ਖੇਤੀ ਬਿਲਾਂ ਦੇ ਫਾਇਦੇ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰੰਤੂ ਕਿਸਾਨ ਜੱਥੇਬੰਦੀਆਂ ਇਨਾਂ ਬਿਲਾਂ ਨੂੰ ਜੜ ਤੋਂ ਹੀ ਰੱਦ ਕਰਨ ਲਈ ਅੜੇ ਹੋਏ ਹਨ । ਮੋਦੀ ਸਰਕਾਰ ਨੂੰ ਆਪਣੇ ਪੁਰਾਣੇ ਅਨੁਭਵਾਂ ਤਿੰਨ ਤਲਾਕ ਬਿਲ, ਧਾਰਾ 370 ਖਤਮ ਕਰਨਾ, ਜੀਐਸਟੀ, ਨੋਟਬੰਦੀ, ਸੀਏਏ, ਐਨ.ਆਰ.ਸੀ., ਦੇਸ਼ ਦੇ ਨਾਮੀ ਅਦਾਰੇ ਰੇਲਵੇ, ਏਅਰਪੋਰਟ ਵਗੈਰਾ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ ਘੁਮੰਡ ਨੇ ਅੱਜ ਅਜਿਹੀ ਸਥਿਤੀ ਵਿੱਚ ਲਿਆ ਖੜਾ ਕੀਤਾ ਹੈ ਕਿ ਅੱਗੇ ਕਿਸਾਨ ਜੋ ਲੱਖਾਂ ਦੀ ਗਿਣਤੀ ‘ਚ ਦਿੱਲੀ ਨੂੰ ਘੇਰੀ ਬੈਠੇ ਨੇ ਵਧਣ ਨਹੀ ਦੇਣਗੇ ਪਿਛੇ ਮੋਦੀ ਸਰਕਾਰ ਕਦੇ ਹਟੀ ਨਹੀਂ ਸੋ ਇਹ ਤਿੰਨੋ ਖੇਤੀ ਕਾਨੂੰਨ ਕਿਤੇ ਮੋਦੀ ਸਰਕਾਰ ਦੇ ਤਾਬੂਤ ਦੀ ਆਖਰੀ ਕਿੱਲ ਸਾਬਿਤ ਨਾ ਹੋ ਜਾਣ।