ਲਿਖਣਾ ਵੀ ਇਕ ਕਲਾ ਹੈ

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਲਿਖਣਾ ਵੀ ਇਕ ਕਲਾ ਹੈ, ਜਿਸ ਲਈ ਮਿਹਨਤ ਰੰਗ ਵਾਂਗ ਹੈ ਅਤੇ ਸ਼ਬਦ ਉਨ੍ਹਾਂ ਰੰਗਾਂ ਦੀ ਜ਼ੁਬਾਨ ਹੈ। ਇਹ ਗੱਲ ਤਾਂ ਪੱਕੀ ਹੈ ਕਿ ਵਧੀਆ ਲਿਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।…

ਲਿਖਣਾ ਵੀ ਇਕ ਕਲਾ ਹੈ, ਜਿਸ ਲਈ ਮਿਹਨਤ ਰੰਗ ਵਾਂਗ ਹੈ ਅਤੇ ਸ਼ਬਦ ਉਨ੍ਹਾਂ ਰੰਗਾਂ ਦੀ ਜ਼ੁਬਾਨ ਹੈ। ਇਹ ਗੱਲ ਤਾਂ ਪੱਕੀ ਹੈ ਕਿ ਵਧੀਆ ਲਿਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਵਧੀਆ ਲਿਖਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਅਨੁਭਵ, ਆਪਣੀਆਂ ਗੱਲਾਂ ਨੂੰ ਉਸੇ ਤਰ੍ਹਾਂ ਲੋਕਾਂ ਤਕ ਪਹੁੰਚਾ ਰਹੇ ਹੋ, ਜਿਸ ਤਰ੍ਹਾਂ ਤੁਸੀਂ ਮਹਿਸੂਸ ਕੀਤਾ ਹੈ ਜਾਂ ਫਿਰ ਦੇਖਿਆ ਹੈ। ਇਕ ਚੰਗਾ ਲੇਖਕ ਉਹੀ ਹੈ ਜੋ ਆਪਣੀ ਲੇਖਣੀ ਜ਼ਰੀਏ ਆਪਣੀ ਰਚਨਾ ਨਾਲ ਪਾਠਕਾਂ ਨੂੰ ਬੰਨ੍ਹ ਦੇਵੇ। ਲੇਖਕ ਆਪਣੀ ਰਚਨਾ ‘ਚ ਜਿੰਨੀ ਇਮਾਨਦਾਰੀ ਰੱਖੇਗਾ, ਰਚਨਾ ਓਨੀ ਹੀ ਵਧੀਆ ਹੋਵੇਗੀ ਤੇ ਜ਼ਿਆਦਾ ਪਾਠਕਾਂ ਵੱਲੋਂ ਪੜ੍ਹੀ ਜਾਵੇਗੀ ਪਰ ਇਹ ਸਭ ਇਕ ਦਿਨ ‘ਚ ਸੰਭਵ ਨਹੀਂ ਹੈ।
ਬਿਨਾਂ ਸੋਚੇ-ਸਮਝੇ ਕਰੋ ਲਿਖਣਾ ਸ਼ੁਰੂ
ਕਿਤਾਬ ਖੋਲ੍ਹੋ, ਉਸ ‘ਚੋਂ ਬਿਨਾਂ ਸੋਚੇ-ਸਮਝੇ ਇਕ ਵਿਸ਼ਾ ਪੜ੍ਹੋ ਤੇ ਉਸ ਕਹਾਣੀ ਦੇ ਸੰਦਰਭ ਨੂੰ ਧਿਆਨ ‘ਚ ਰੱਖਦਿਆਂ ਆਪਣੇ ਹਿਸਾਬ ਨਾਲ ਲਿਖਣਾ ਸ਼ੁਰੂ ਕਰੋ ਤੇ ਵਾਕ ਬਣਾਉਣੇ ਸ਼ੁਰੂ ਕਰ ਦੇਵੋ। ਅਜਿਹਾ ਕਰਨ ਨਾਲ ਤੁਸੀਂ ਨਾ ਸਿਰਫ਼ ਲਿਖਣ ਦੇ ਹੁਨਰ ਨੂੰ ਮਜ਼ਬੂਤ ਬਣਾਓਗੇ, ਬਲਕਿ ਕ੍ਰਿਏਟੀਵਿਟੀ ‘ਚ ਵੀ ਵਾਧਾ ਹੋਵੇਗਾ। ਪਹਿਲਾਂ ਜੋ ਲਿਖਿਆ ਹੈ, ਉਸ ਨੂੰ ਅਲੱਗ ਢੰਗ ਨਾਲ ਲਿਖਣ ਦੀ ਕੋਸ਼ਿਸ਼ ਹੀ ਇਕ ਲੇਖਕ ਨੂੰ ਵੱਖਰਾ ਬਣਾਉਂਦੀ ਹੈ।
ਤੁਸੀਂ ਜਿਸ ਚੀਜ਼ ਬਾਰੇ ਸਭ ਤੋਂ ਜ਼ਿਆਦਾ ਜਾਣਦੇ ਹੋ, ਉਸ ਬਾਰੇ ਲਿਖਣਾ ਸ਼ੁਰੂ ਕਰੋ। ਲਿਖਣ ਸਮੇਂ ਕਈ ਵਾਰ ਅਜਿਹਾ ਲੱਗੇਗਾ ਕਿ ਕਿਸੇ ਖ਼ਾਸ ਹਿੱਸੇ ਬਾਰੇ ਹੋਰ ਜਾਣਕਾਰੀ ਹਾਸਿਲ ਹੋ ਜਾਵੇ, ਉਦੋਂ ਲਿਖਿਆ ਜਾਵੇ। ਇਥੋਂ ਹੀ ਜ਼ਿਆਦਾ ਜਾਣਕਾਰੀ ਹਾਸਿਲ ਕਰਨ ਦੀ ਆਦਤ ਬਣ ਜਾਵੇਗੀ। ਲਿਖਣ ਦੌਰਾਨ ਤੁਸੀਂ ਜਿੰਨਾ ਡੂੰਘਾਈ ‘ਚ ਉਤਰੋਗੇ, ਤੁਹਾਡੀ ਰਚਨਾ ਓਨੀ ਹੀ ਵਧੀਆ ਹੁੰਦੀ ਜਾਵੇਗੀ।
ਪੜ੍ਹਨ ਦੀ ਆਦਤ ਪਾਓ
ਇਕ ਵਧੀਆ ਲੇਖਕ ਲਈ ਜ਼ਰੂਰੀ ਹੈ ਕਿ ਉਹ ਪਹਿਲਾਂ ਚੰਗਾ ਪਾਠਕ ਬਣੇ। ਪੜ੍ਹਨ ਤੋਂ ਹੀ ਲਿਖਣ ਕਲਾ ਦੀ ਸਮਝ ਵਧਦੀ ਹੈ। ਇਸ ਨਾਲ ਤੁਹਾਡੀ ਜਾਣਕਾਰੀ ‘ਚ ਵਾਧਾ ਤਾਂ ਹੋਵੇਗਾ ਹੀ, ਤੁਹਾਨੂੰ ਨਵੇਂ ਸ਼ਬਦ ਵੀ ਮਿਲਣਗੇ ਅਤੇ ਤੁਹਾਡੇ ਲਿਖਣ ਦੇ ਹੁਨਰ ‘ਚ ਵੀ ਨਿਖਾਰ ਆਵੇਗਾ। ਪੜ੍ਹਦੇ ਸਮੇਂ ਵਧੀਆ ਲਫ਼ਜ਼ਾਂ ਨੂੰ ਤੁਸੀਂ ਵੱਖਰੇ ਤੌਰ ‘ਤੇ ਨੋਟ ਕਰੋ ਤੇ ਲਿਖਣ ਮੌਕੇ ਉਨ੍ਹਾਂ ਲਫ਼ਜ਼ਾਂ ਦੀ ਵਰਤੋਂ ਕਰੋ।
ਨੋਟ ਕਰੋ ਚੰਗੀਆਂ ਗੱਲਾਂ
ਜਦੋਂ ਤੁਸੀਂ ਫਿਲਮ ਦੇਖਦੇ ਹੋ ਤਾਂ ਉਸ ‘ਚੋਂ ਆਪਣੀ ਪਸੰਦ ਦਾ ਦ੍ਰਿਸ਼ ਚੁਣ ਲਵੋ। ਉਸ ਦ੍ਰਿਸ਼ ਦੇ ਹਿਸਾਬ ਨਾਲ ਇਕ ਕਹਾਣੀ ਬਣਾਉਣ ਦੀ ਕੋਸ਼ਿਸ਼ ਕਰੋ। ਇਹ ਵੀ ਯਤਨ ਕਰੋ ਕਿ ਫਿਲਮ ਦੇ ਸਾਰੇ ਮਹੱਤਵਪੂਰਨ ਕਿਰਦਾਰ ਤੁਹਾਡੇ ਦ੍ਰਿਸ਼ ‘ਚ ਆ ਜਾਣ। ਇਸ ਤਰ੍ਹਾਂ ਦੇਖਦਿਆਂ-ਦੇਖਦਿਆਂ ਤੁਸੀਂ ਇਕ ਕਹਾਣੀ ਲਿਖ ਸਕਦੇ ਹੋ। ਉਸ ‘ਚ ਕਈ ਪਾਤਰਾਂ ਨੂੰ ਸਥਾਪਿਤ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਨੂੰ ਹਰ ਕਦਮ ਕੁਝ ਨਵਾਂ ਸਿੱਖਣ ਨੂੰ ਮਿਲੇਗਾ।
ਜਲਦਬਾਜ਼ੀ ਨਾ ਕਰੋ
ਲੇਖਕ ਇਕ ਦਿਨ ‘ਚ ਨਹੀਂ ਬਣਿਆ ਜਾਂਦਾ। ਇਕ ਵਧੀਆ ਲੇਖਕ ਦੀ ਵੱਖਰੀ ਪਛਾਣ ਹੁੰਦੀ ਹੈ। ਕੁਝ ਵੀ ਲਿਖਣ ‘ਚ ਜਲਦਬਾਜ਼ੀ ਨਾ ਕਰੋ। ਆਮ ਤੌਰ ‘ਤੇ ਚੰਗੀਆਂ ਚੀਜ਼ਾਂ ਬਹੁਤ ਜਲਦੀ ਨਹੀਂ ਲਿਖੀਆਂ ਜਾਂਦੀਆਂ। ਇਸ ਲਈ ਥੋੜ੍ਹਾ-ਥੋੜ੍ਹਾ ਰੋਜ਼ ਲਿਖੋ। ਲਿਖਣ ਦੀ ਆਦਤ ਨੂੰ ਆਪਣੇ ਰੋਜ਼ਮਰ੍ਹਾ ਦੇ ਕੰਮਾਂ ‘ਚ ਸ਼ਾਮਿਲ ਕਰੋ।