ਸਾਕਾ ਚਮਕੌਰ ਸਾਹਿਬ ਦੇ ਜੋੜ ਮੇਲੇ ‘ਤੇ ਵਿਸ਼ੇਸ਼ : ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ

0
2293

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿਚ ਸਭ ਤੋਂ ਵੱਧ ਦਰਦਨਾਕ ਘਟਨਾ ਹੈ। ਇਹ ਦਿਲ ਨੂੰ ਕੰਬਾਅ ਦੇਣ ਵਾਲਾ ਘੋਰ ਪਾਪ ਅਤੇ ਘਿਨਾਉਣੇ ਜ਼ੁਲਮ ਦਾ ਸਾਕਾ ਹੈ। ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ। ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ, ਦ੍ਰਿੜ੍ਹਤਾ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। 8 ਪੋਹ, 1761 ਬਿਕ੍ਰਮੀ ਨੂੰ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਜੰਗ ਲੜਦੇ ਹੋਏ ਸ਼ਹੀਦ ਹੋ ਗਏ। 13 ਪੋਹ, 1761 ਬਿਕ੍ਰਮੀ ਨੂੰ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਸੂਬਾ ਸਰਹਿੰਦ ਵੱਲੋਂ ਜਿਊਂਦੇ-ਜੀਅ ਕੰਧਾਂ ਵਿਚ ਚਿਣਵਾ ਕੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਗਏ। ਇਸ ਸ਼ਹਾਦਤ ਦੀ ਮਹਾਨਤਾ ਬਾਰੇ ‘ਮੈਥਿਲੀ ਸ਼ਰਣ ਗੁਪਤ’ ਨੇ ਲਿਖਿਆ ਹੈ :
ਜਿਸ ਕੁਲ ਜਾਤੀ ਦੇਸ਼ ਕੇ ਬੱਚੇ,
ਦੇ ਸਕਤੇ ਹੈਂ ਯੋਂ ਬਲੀਦਾਨ।
ਉਸ ਕਾ ਵਰਤਮਾਨ ਕੁਛ ਭੀ ਹੋ,
ਭਵਿਸ਼ਯ ਹੈ ਮਹਾਂ ਮਹਾਨ।
ਖ਼ਾਲਸਾ ਸਦਗੁਣ ਭਰਪੂਰ ਨਿਰਾਲੀ ਸ਼ਖ਼ਸੀਅਤ ਹੈ। ਖ਼ਾਲਸਾ ਗੁਰੂ ਨੂੰ ਤਨ, ਮਨ ਤੇ ਧਨ ਸੌਂਪ ਦਿੰਦਾ ਹੈ। ਜਬਰ-ਜ਼ੁਲਮ ਦੇ ਟਾਕਰੇ ਲਈ ਜੂਝ ਮਰਨ ਤੋਂ ਝਿਜਕਦਾ ਨਹੀਂ ਹੈ। ਸਤਿਗੁਰਾਂ ਦਾ ਇਸ ਮਾਰਗ ਦੇ ਪਾਂਧੀ ਲਈ ਸਿਧਾਂਤ ਇਸ ਪ੍ਰਕਾਰ ਹੈ :
-ਜਉ ਤਉ ਪ੍ਰੇਮ ਖੇਲਣ ਕਾ ਚਾਉ
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ
ਸਿਰ ਦੀਜੈ ਕਾਣਿ ਨ ਕੀਜੈ॥
(ਪੰਨਾ 1412)
-ਸੀਸੁ ਵਢੇ ਕਰਿ ਬੈਸਣੁ ਦੀਜੈ
ਵਿਣੁ ਸਿਰ ਸੇਵ ਕਰੀਜੈ॥ (ਪੰਨਾ 558)
-ਤਨੁ ਮਨੁ ਕਾਟਿ ਕਾਟਿ ਸਭੁ ਅਰਪੀ
ਵਿਚਿ ਅਗਨੀ ਆਪੁ ਜਲਾਈ॥
(ਪੰਨਾ 757)
-ਅਰੁ ਸਿਖ ਹੋਂ ਆਪਨੇ ਹੀ ਮਨ ਕੌ
ਇਹ ਲਾਲਚ ਹਉ ਗੁਨ ਤਉ ਉਚਰੋਂ॥
ਜਬ ਆਵ ਕੀ ਅਉਧ ਨਿਦਾਨ
ਬਨੈ ਅਤ ਹੀ ਰਨ ਮੈ ਤਬ ਜੂਝ ਮਰੋਂ॥
(ਚੰਡੀ ਚਰਿਤ੍ਰ)
1704 ਈ: ਵਿਚ ਮੁਗ਼ਲ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਸਾਂਝੀ ਕਮਾਨ ਹੇਠ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਘੇਰਾ ਲੰਮਾ ਹੋਣ ‘ਤੇ ਦੁਸ਼ਮਣ ਵੱਲੋਂ ਗੁਰੂ ਜੀ ਨਾਲ ਸਮਝੌਤਾ ਕੀਤਾ ਗਿਆ। ਸਮਝੌਤੇ ਦੀ ਸ਼ਰਤ ਇਹ ਸੀ ਕਿ ਇਕ ਵਾਰ ਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਛੱਡ ਦੇਣ ਉਨ੍ਹਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ।
ਗੁਰੂ ਜੀ ਦੇ ਕਿਲ੍ਹਾ ਖਾਲੀ ਕਰਕੇ ਜਾਣ ‘ਤੇ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਹ ਧਰਮਹੀਣ ਰਾਜ ਸੱਤਾ ਦਾ ਹੀ ਨੰਗਾ ਨਾਚ ਸੀ। ਬੇਈਮਾਨੀ, ਵਾਅਦਾ-ਖਿਲਾਫ਼ੀ, ਚੰਗੇਜ਼ੀ ਅਤੇ ਦਰਿੰਦਗੀ ਦਾ ਘਿਨਾਉਣਾ ਕਾਰਾ ਸੀ। ਕਵੀ ਅਲਾਮਾ ਇਕਬਾਲ ਅਜਿਹੇ ਹਾਲਾਤ ਬਾਰੇ ਇਉਂ ਲਿਖਦੇ ਹਨ :
ਜਲਾਲ-ਏ-ਪਾਤਸ਼ਾਹੀ ਹੋ ਕਿ
ਜਮਹੂਰੀ ਤਮਾਸ਼ਾ ਹੋ।
ਜ਼ੁਦਾ ਹੋ ਦੀਂ ਸੇ ਸਿਆਸਤ ਤੋ
ਰਹਿ ਜਾਤੀ ਹੈ ਚੰਗੇਜ਼ੀ।
ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ, ਜਿਸ ਦੌਰਾਨ ਦੋਵਾਂ ਧਿਰਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਇਸੇ ਘਮਸਾਨ ਦੇ ਯੁੱਧ ਦੌਰਾਨ ਸਤਿਗੁਰਾਂ ਦਾ ਪਰਿਵਾਰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਅਤੇ ਆਪਸ ਵਿਚ ਵਿਛੜ ਗਿਆ। ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਇਕ ਪਾਸੇ ਨੂੰ ਵੱਖ ਹੋ ਗਏ। ਮਾਤਾ ਸੁੰਦਰੀ ਜੀ ਅਤੇ ਕੁਝ ਸਿੰਘ ਹੋਰ ਪਾਸੇ ਨੂੰ ਹੋ ਗਏ। ਦੁਨੀਆ ਦੇ ਜੰਗਾਂ-ਯੁੱਧਾਂ ਦੇ ਇਤਿਹਾਸ ਵਿਚ ਇਹ ਇਕੋ-ਇਕ ਘਟਨਾ ਹੋਈ, ਜਦੋਂ ਮਰਦ-ਏ-ਮੈਦਾਨ, ਸ਼ਹਿਨਸ਼ਾਹ-ਏ-ਸ਼ਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਜਿੱਥੇ ਜੰਗ ਦਾ ਸਾਜ਼ੋ-ਸਮਾਨ ਤੀਰ, ਤੇਗ, ਢਾਲ, ਬਰਛਾ, ਛਵੀ ਆਦਿ ਸਨ, ਉੱਥੇ ਗੁਰਮਤਿ ਸੰਗੀਤ ਦੇ ਸਾਜ਼ ਸਿਰੰਦਾ, ਸਿਤਾਰ ਆਦਿ ਵੀ ਨਾਲ ਸਨ। 6 ਅਤੇ 7 ਪੋਹ ਦੀ ਰਾਤ ਦਾ ਸਮਾਂ ਅੰਮ੍ਰਿਤ ਵੇਲੇ ਦਾ ਹੋਇਆ। ਦੁਸ਼ਮਣਾਂ ਨੇ ਭਾਰੀ ਹਮਲਾ ਬੋਲਿਆ ਹੋਇਆ ਸੀ, ਪਾਤਸ਼ਾਹ ਨੇ ਆਪਣੇ ਵੱਡੇ ਸਪੁੱਤਰ ਬਾਬਾ ਅਜੀਤ ਸਿੰਘ, ਭਾਈ ਜੀਵਨ ਸਿੰਘ (ਜੈਤਾ ਜੀ), ਭਾਈ ਉਦੇ ਸਿੰਘ ਨੂੰ ਹੋਰ ਸਿੰਘਾਂ ਸਮੇਤ ਹਮਲਾਵਰਾਂ ਦਾ ਮੁਕਾਬਲਾ ਕਰਨ ਦਾ ਹੁਕਮ ਕੀਤਾ। ਦੂਜੇ ਪਾਸੇ ਭਾਈ ਦਇਆ ਸਿੰਘ ਆਦਿ ਨੂੰ ‘ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ’ ਅਨੁਸਾਰ ‘ਆਸਾ ਕੀ ਵਾਰ’ ਦਾ ਕੀਰਤਨ ਕਰਨ ਲਈ ਕਿਹਾ।
ਅਜਿਹਾ ਕਾਰਜ ਕੇਵਲ ਤੇ ਕੇਵਲ ਦਸਮੇਸ਼ ਪਿਤਾ ਹੀ ਕਰ ਸਕਦੇ ਸਨ, ਜਦੋਂ ਅਜਿਹੇ ਅਤਿ ਬਿਖਮ, ਖ਼ਤਰੇ ਭਰਪੂਰ ਹਾਲਾਤ ਵਿਖੇ ਅਤੇ ਮੈਦਾਨ-ਏ-ਜੰਗ ਵਿਚ ਉਹ ਆਪਣਾ ‘ਫਰਜ਼-ਏ-ਇਲਾਹੀ’ ਨਹੀਂ ਭੁੱਲੇ। ਦੁਨੀਆ ਦੇ ਇਤਿਹਾਸ ਵਿਚ ਇਹ ਇਕੋ-ਇਕ ਅਲੋਕਾਰੀ ਅਤੇ ਨਿਵੇਕਲੀ ਘਟਨਾ ਸੀ। ਸਰਸਾ ਨਦੀ ਵਿਚ ਭਾਰੀ ਹੜ੍ਹ ਅਤੇ ਦੁਸ਼ਮਣਾਂ ਦਾ ਜ਼ੋਰਦਾਰ ਹਮਲਾ ਇਉਂ ਜਾਪਦਾ ਸੀ, ਜਿਵੇਂ ਦੋਵੇਂ ਇਕ-ਦੂਜੇ ਨਾਲ ਇਸ ਘਿਨਾਉਣੇ ਕਾਰਨਾਮੇ ਵਿਚ ਸ਼ਾਮਿਲ ਹੋ ਗਏ ਹੋਣ। ਭਾਵੇਂ ਇਸ ਯੁੱਧ ਵਿਚ ਸੈਂਕੜੇ ਹੀ ਮਰਜ਼ੀਵੜੇ ਸਿੰਘਾਂ ਸਮੇਤ ਭਾਈ ਜੀਵਨ ਸਿੰਘ (ਜੈਤਾ ਜੀ) ਅਤੇ ਭਾਈ ਉਦੇ ਸਿੰਘ ਸ਼ਹੀਦ ਹੋ ਗਏ, ਪਰ ਦੁਸ਼ਮਣ ਦੇ ਦੰਦ ਖੱਟੇ ਕਰ ਦਿੱਤੇ। ਜਿੱਥੋਂ ਗੁਰੂ ਸਾਹਿਬ ਦੇ ਕਾਫ਼ਲੇ ਨਾਲੋਂ ਗੁਰੂ-ਪਰਵਾਰ ਵਿਛੜਿਆ, ਉਸ ਸਥਾਨ ਉੱਤੇ ਗੁਰਦੁਆਰਾ ‘ਪਰਿਵਾਰ ਵਿਛੋੜਾ ਸਾਹਿਬ’ ਸੁਸ਼ੋਭਿਤ ਹੈ, ਜੋ ਇਤਿਹਾਸ ਦੀ ਇਸ ਦਰਦਨਾਕ ਘਟਨਾ ਦੀ ਯਾਦ ਨੂੰ ਸੰਭਾਲੇ ਹੋਏ ਹਨ। ਉਪਰੰਤ ਸਰਸਾ ਨਦੀ ਪਾਰ ਕਰਕੇ ਗੁਰੂ ਜੀ ਨੇ ਇਕ ਦਿਨ ਰੋਪੜ ਦੇ ਨੇੜੇ ਨਿਹੰਗ ਖਾਨ ਦੀ ਗੜ੍ਹੀ (ਕੋਟਲਾ ਨਿਹੰਗ ਖਾਨ) ਵਿਚ ਬਿਤਾਇਆ। ਰਾਤ ਨੂੰ ਅੱਗੇ ਚੱਲ ਪਏ, ਪਰ ਦੁਸ਼ਮਣ ਦੀਆਂ ਫੌਜਾਂ ਨੇ ਵੀ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਚਮਕੌਰ ਦੀ ਕੱਚੀ ਗੜ੍ਹੀ ਵਿਚ ਦਾਖ਼ਲ ਹੋ ਕੇ ਮੋਰਚਾਬੰਦੀ ਕਰ ਲਈ। ਗੁਰੂ ਜੀ ਦੇ ਨਾਲ ਦੋ ਵੱਡੇ ਸਾਹਿਬਜ਼ਾਦੇ ਤੇ ਪੰਜ ਪਿਆਰਿਆਂ ਸਮੇਤ ਚਾਲੀ ਕੁ ਸਿੰਘ ਸਨ। ਦੁਸ਼ਮਣ ਦੀ ਦਸ ਲੱਖ ਫੌਜ ਨੇ ਗੜ੍ਹੀ ਨੂੰ ਘੇਰਾ ਪਾ ਲਿਆ। ਸਾਰਾ ਦਿਨ ਜੰਗ ਹੁੰਦੀ ਰਹੀ। ਸ਼ਾਮ ਤੱਕ ਗੁਰੂ ਜੀ ਕੋਲ ਤਕਰੀਬਨ ਸਾਰਾ ਗੋਲੀ ਸਿੱਕਾ ਖ਼ਤਮ ਹੋ ਗਿਆ। ਹੁਣ ਸਿੰਘਾਂ ਨੇ ਗੜ੍ਹੀ ਤੋਂ ਬਾਹਰ ਆ ਕੇ ਲੜਨਾ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਆਪ ਵਾਰੋ-ਵਾਰੀ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੂੰ ਪੂਰੇ ਸ਼ਸਤਰ ਸਜਾ ਕੇ ਮੈਦਾਨ-ਏ-ਜੰਗ ਵਿਚ ਭੇਜਿਆ।
ਅੰਤ ਵੱਡੇ ਜੰਗਜੂ ਯੋਧਿਆਂ ਵਾਲੇ ਜੌਹਰ ਵਿਖਾਉਂਦਿਆਂ ਸਾਥੀ ਸਿੰਘਾਂ ਦੇ ਨਾਲ ਗੁਰੂ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਬੜੀ ਸੂਰਮਗਤੀ ਨਾਲ ਗੁਰੂ ਜੀ ਦੇ ਸਾਹਮਣੇ ਮੈਦਾਨ-ਏ-ਜੰਗ ਵਿਚ ਜੂਝਦੇ ਹੋਏ ਸ਼ਹੀਦ ਹੋ ਗਏ। ਬਾਬਾ ਅਜੀਤ ਸਿੰਘ ਜੀ ਨੇ ਅਜੇ ਜਵਾਨੀ ਵਿਚ ਪੈਰ ਰੱਖਿਆ ਹੀ ਸੀ। ਬਾਬਾ ਜੁਝਾਰ ਸਿੰਘ ਜੀ ਤਾਂ ਅਜੇ ਕਿਸ਼ੋਰ ਅਵਸਥਾ ਵਿਚ ਸਨ। ਇਰਾਕ ਦੇਸ਼ ਦੇ ਸ਼ਹਿਰ ਕਰਬਲਾ ਦੇ ਮੈਦਾਨ ਵਿਚ ਹਸਨ ਹੁਸੈਨ ਦੀ ਸ਼ਹੀਦੀ ਤੋਂ ਇਲਾਵਾ ਦੁਨੀਆ ਦੇ ਇਤਿਹਾਸ ਵਿਚ ਇਸ ਤਰ੍ਹਾਂ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ। ਸਤਿਗੁਰ ਜੇਕਰ ਚਾਹੁੰਦੇ ਤਾਂ ਆਪਣੇ ਸਪੁੱਤਰਾਂ ਨੂੰ ਬਚਾਉਣ ਲਈ ਯਤਨ ਕਰ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਦੁਨਿਆਵੀ ਲੋਕ ਆਪਣੇ ਨਿੱਜੀ ਸਵਾਰਥਾਂ ਦੀ ਖਾਤਰ ਸਾਰੇ ਅਸੂਲ, ਸਿਧਾਂਤ ਅਤੇ ਕੌਮੀ ਹਿੱਤਾਂ ਨੂੰ ਵੀ ਕੁਰਬਾਨ ਕਰਨ ਤੋਂ ਨਹੀਂ ਝਿਜਕਦੇ। ਅਜਿਹੇ ਲੋਕਾਂ ਨੂੰ ਇਤਿਹਾਸ ਵਿਚ ਘਿਰਣਾ ਦੀ ਨਜ਼ਰ ਨਾਲ ਹੀ ਵੇਖਿਆ ਜਾਂਦਾ ਹੈ। ਗੁਰੂ ਜੀ ਲਈ ਸਿੰਘਾਂ ਅਤੇ ਸਪੁੱਤਰਾਂ ਵਿਚਕਾਰ ਕੋਈ ਅੰਤਰ ਨਹੀਂ ਸੀ। ਸਤਿਗੁਰਾਂ ਵੱਲੋਂ ਮੈਦਾਨ-ਏ-ਜੰਗ ਵਿਚ ਜੂਝਦਿਆਂ ਸ਼ਹੀਦੀ ਪਾਉਣ ਲਈ ਕੀਤੀ ਤਿਆਰੀ ਅਤੇ ਰਹਿੰਦੇ ਮਹੱਤਵਪੂਰਨ ਪੰਥਕ ਕਾਰਜਾਂ ਦੀ ਪੂਰਤੀ ਨੂੰ ਮੁੱਖ ਰੱਖਦਿਆਂ ਪੰਜ ਸਿੰਘਾਂ ਵੱਲੋਂ ਗੁਰੂ ਰੂਪ ਹੋ ਕੇ ਸਤਿਗੁਰਾਂ ਨੂੰ ਗੜ੍ਹੀ ਛੱਡ ਕੇ ਚਲੇ ਜਾਣ ਲਈ ਕਿਹਾ ਗਿਆ। ਖ਼ਾਲਸੇ ਦਾ ਹੁਕਮ ਮੰਨਦਿਆਂ ਗੁਰੂ ਜੀ ਨੇ ਤਾੜੀ ਮਾਰ ਕੇ ਮੁਗ਼ਲਾਂ ਨੂੰ ਵੰਗਾਰ ਕੇ ਬਾਹਰ ਨੂੰ ਚਾਲੇ ਪਾਏ।
ਕਰਬਲਾ ਦੀ ਜੰਗ ਅਤੇ ਚਮਕੌਰ ਦੀ ਜੰਗ ਵਿਚ ਇਕ ਵੱਡਾ ਅੰਤਰ ਸੀ। ਕਰਬਲਾ ਦੀ ਜੰਗ ਵਿਚ ਦੋਵੇਂ ਫੌਜਾਂ ਬਰਾਬਰ ਦੀਆਂ ਸਨ। ਇਸ ਦੇ ਮੁਕਾਬਲੇ ਚਮਕੌਰ ਦੀ ਜੰਗ ਦੁਨੀਆ ਦੀ ਸਭ ਤੋਂ ਵੱਧ ਅਸਾਵੀਂ ਜੰਗ ਸੀ। ਇਸ ਜੰਗ ਦਾ ਜ਼ਿਕਰ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖੇ ਜ਼ਫ਼ਰਨਾਮੇ ਵਿਚ ਲਿਖਿਆ ਹੈ ਕਿ ਭੁੱਖੇ-ਭਾਣੇ ਚਾਲ੍ਹੀ ਆਦਮੀ ਕੀ ਕਰ ਸਕਦੇ ਹਨ, ਜੇ ਉਨ੍ਹਾਂ ‘ਤੇ ਬੇਸ਼ੁਮਾਰ ਲਸ਼ਕਰ ਅਚਾਨਕ ਟੁੱਟ ਪਵੇ :
ਗੁਰਸਨ : ਚਿਹ ਕਾਰੇ ਕੁਨੱਦ ਚਿਹਲ ਨਰ।
ਕਿ ਦਹ ਲੱਕ ਬਿਆਯਦ ਬਰੋ ਬੇਖ਼ਬਰ। (ਜ਼ਫ਼ਰਨਾਮਾ)
ਮਹਾਨ ਸ਼ਹੀਦਾਂ ਦਾ ਪਵਿੱਤਰ ਖੂਨ ਡੁੱਲ੍ਹਣ ਨਾਲ ਚਮਕੌਰ ਦੀ ਧਰਤੀ ਚਮਕੌਰ ਸਾਹਿਬ ਬਣ ਗਈ ਅਤੇ ਇੱਥੇ ਚਮਕੌਰ ਸਾਹਿਬ ਦੀ ਇਤਿਹਾਸਕ ਜੰਗ ਦੀ ਯਾਦ ਵਿਚ ਗੁਰਦੁਆਰਾ ਕਤਲਗੜ੍ਹ ਸਾਹਿਬ, ਗੁਰਦੁਆਰਾ ਕੱਚੀ ਗੜ੍ਹੀ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਤਾੜੀ ਸਾਹਿਬ ਤੇ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਸੁਸ਼ੋਭਿਤ ਹੈ। ਇਸ ਮਹਾਨ ਪਵਿੱਤਰ ਸ਼ਹੀਦੀ ਅਸਥਾਨ ਉੱਤੇ ਹਰ ਸਾਲ ਸਿੱਖ ਸੰਗਤਾਂ ਜੋੜ-ਮੇਲੇ ‘ਤੇ ਇਕੱਤਰ ਹੋ ਕੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਦੀਆਂ ਹਨ।
ਅੱਲਾ ਯਾਰ ਖਾਂ ਜੋਗੀ ਤਾਂ ਦੁਨੀਆ ਦੇ ਤੀਰਥ ਅਸਥਾਨਾਂ ਨਾਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨਾਂ ਨੂੰ ਧਰਮ-ਯਾਤਰਾ ਲਈ ਉੱਚਤਮ ਮੰਨਦਾ ਹੈ, ਕਿਉਂਕਿ ਅਜਿਹੀ ਸ਼ਹੀਦੀ ਦੁਨੀਆ ਦੇ ਇਤਿਹਾਸ ਵਿਚ ਨਾ ਤਾਂ ਪਹਿਲਾਂ ਕਦੀ ਹੋਈ ਅਤੇ ਨਾ ਹੀ ਭਵਿੱਖ ਵਿਚ ਆਸ ਹੈ। ਜੋਗੀ ਜੀ ਇਉਂ ਲਿਖਦੇ ਹਨ :
ਬਸ ਏਕ ਹਿੰਦ ਮੇਂ ਤੀਰਥ ਹੈ ਯਾਤ੍ਰਾ ਕੇ ਲੀਯੇ।
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ।
ਸਾਹਿਬਜ਼ਾਦਿਆਂ ਦੀ ਲਾਮਿਸਾਲ ਸ਼ਹੀਦੀ ਨੂੰ ਯਾਦ ਕਰਦਿਆਂ ਜਦੋਂ ਆਪਣੇ ਆਲੇ-ਦੁਆਲੇ ਵੱਲ ਝਾਤ ਮਾਰਦੇ ਹਾਂ ਅਤੇ ਸਿੱਖ ਕੌਮ ਅੰਦਰ ਆ ਚੁੱਕੇ ਘੋਰ ਨਿਘਾਰ ਨੂੰ ਮਹਿਸੂਸ ਕਰਦੇ ਹਾਂ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਕੀ ਅਸੀਂ ਸੋਚਾਂਗੇ ਕਿ ਅਸੀਂ ਕਿਧਰ ਨੂੰ ਜਾ ਰਹੇ ਹਾਂ? ਸਤਿਗੁਰੂ ਨੇ ਆਪਣੇ ਲਖਤੇ-ਜਿਗਰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾ ਕੇ ਭਾਰਤ ਵਾਸੀਆਂ ਅਤੇ ਸਿੱਖ ਕੌਮ ਨੂੰ ਜ਼ਿੰਦਗੀ ਬਖ਼ਸ਼ੀ ਸੀ। ਸਾਹਿਬਜ਼ਾਦਿਆਂ ਨੇ ਆਪਣੇ ਸੀਸ ਭੇਟ ਕਰਕੇ ਭਾਰਤ ਦਾ ਸੀਸ, ਧਰਮ, ਅਣਖ, ਗੌਰਵ ਅਤੇ ਸੱਭਿਆਚਾਰ ਨੂੰ ਬਚਾਇਆ। ਪਰ ਅਸੀਂ ਕੌਮ ਨੂੰ ਤਬਾਹੀ ਵੱਲ ਧੱਕ ਕੇ ਆਪਣੀ ਅਤੇ ਆਪਣੀ ਔਲਾਦ ਦੇ ਕੂੜੇ ਸੁੱਖ-ਆਰਾਮ ਅਤੇ ਵਕਤੀ ਸ਼ਾਨ-ਓ-ਸ਼ੌਕਤ ਲਈ ਤੱਤਪਰ ਹਾਂ। ਉਹ ਕੌਮਾਂ ਦੁਨੀਆ ਦੇ ਤਖ਼ਤੇ ਤੋਂ ਮਿਟ ਗਈਆਂ, ਜੋ ਖੁਦਗਰਜ਼ੀ ਕਾਰਨ ਆਪਣੇ ਧਾਰਮਿਕ ਸਿਧਾਂਤ, ਮਹਾਨ ਵਿਰਾਸਤ, ਇਤਿਹਾਸ ਅਤੇ ਸ਼ਹੀਦਾਂ ਨੂੰ ਅਣਗੌਲਿਆ ਕਰਕੇ ਆਪਣੀਆਂ ਕੂੜੀਆਂ ਲਾਲਸਾਵਾਂ ਨੂੰ ਪੂਰੀਆਂ ਕਰਨ ਵਿਚ ਹੀ ਗਲਤਾਨ ਹੋ ਗਈਆਂ। ਇਸ ਦੇ ਨਾਲ ਹੀ ਪੰਥ-ਵਿਰੋਧੀ ਸ਼ਕਤੀਆਂ ਤਰ੍ਹਾਂ-ਤਰ੍ਹਾਂ ਦੀਆਂ ਸਾਜ਼ਿਸ਼ਾਂ ਅਤੇ ਮਨਘੜਤ ਕਹਾਣੀਆਂ ਘੜ ਕੇ ਸਿੱਖ ਸਿਧਾਂਤ, ਮਹਾਨ ਵਿਰਾਸਤ, ਸ਼ਾਨਾਮੱਤੇ ਇਤਿਹਾਸ ਅਤੇ ਮਰਿਆਦਾ ਨੂੰ ਸੱਟ ਮਾਰਨ ਲਈ ਪੂਰੀ ਤਰ੍ਹਾਂ ਸਰਗਰਮ ਹਨ, ਜੋ ਕਿ ਅਤੀ ਖ਼ਤਰਨਾਕ ਮਸਲਾ ਹੈ। ਸਾਨੂੰ ਇਸ ਖ਼ਤਰੇ ਤੋਂ ਸਾਵਧਾਨ ਹੋਣ ਦੀ ਲੋੜ ਹੈ, ਵਰਨਾ ਸਰਬਨਾਸ਼ ਯਕੀਨੀ ਹੈ। ਆਓ! ਅਸੀਂ ਆਪਣੇ ਮਹਾਨ ਸਿਧਾਂਤ ਅਤੇ ਵਿਰਾਸਤ ਦੇ ਸਹੀ ਵਾਰਿਸ ਬਣਨ ਦਾ ਯਤਨ ਕਰੀਏ, ‘ਅਪਨਾ ਬਿਗਾਰ ਬਿਰਾਂਨਾ ਸਾਂਢੈ’ ਦੇ ਸਿਧਾਂਤ ਉੱਤੇ ਪਹਿਰਾ ਦੇਈਏ, ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਸੇਧ ਲੈਂਦੇ ਹੋਏ ਇਸ ਕਾਰਜ ਵਿਚ ਤਨੋਂ ਮਨੋਂ ਆਪੋ-ਆਪਣਾ ਯੋਗਦਾਨ ਪਾਈਏ, ਆਪਣਾ ਜਨਮ ਸਕਾਰਥਾ ਕਰੀਏ ਅਤੇ ਆਪਣੇ ਦੇਸ਼ ਅਤੇ ਕੌਮ ਦੇ ਗੌਰਵ, ਅਣਖ ਅਤੇ ਸ਼ਾਨ ਨੂੰ ਉੱਚਾ ਕਰੀਏ, ਰੌਸ਼ਨ ਕਰੀਏ।
-ਪ੍ਰੋ:ਕਿਰਪਾਲ ਸਿੰਘ ਬਡੂੰਗਰ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।