ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ

0
184

ਹੱਕ, ਸੱਚ, ਧਰਮ ਅਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਦੇ ਉੱਚੇ ਆਦਰਸ਼ ਲਈ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਹਨ | ਸਿੱਖ ਧਰਮ ਅੰਦਰ ‘ਸ਼ਹਾਦਤ’ ਸ਼ਬਦ ਬਹੁਤ ਹੀ ਸਤਿਕਾਰ ਭਰੇ ਸ਼ਬਦਾਂ ਵਿਚ ਰੂਪਮਾਨ ਹੈ | ਸਿੱਖੀ ਅੰਦਰ ਇਸ ਸ਼ਬਦ ਦੀ ਵਰਤੋਂ ਸੱਚ ਦੀ ਆਵਾਜ਼ ਬੁਲੰਦ ਰੱਖਣ ਲਈ ਦਿੱਤੀ ਗਈ ਕੁਰਬਾਨੀ ਦੀ ਗਵਾਹੀ ਵਜੋਂ ਹੈ ਅਤੇ ਇਹ ਗਵਾਹੀ ਕੋਈ ਆਮ ਨਹੀਂ ਸਗੋਂ ਸਮਾਜਕ ਸਰੋਕਾਰਾਂ ਦੇ ਨਾਲ-ਨਾਲ ਰੂਹਾਨੀਅਤ ਨਾਲ ਵੀ ਲਬਰੇਜ਼ ਹੈ | ਪੰਜਵੇਂ ਪਾਤਸ਼ਾਹ ਜੀ ਵਲੋਂ ਦਿੱਤੀ ਗਈ ਸ਼ਹਾਦਤ ਸਿੱਖ ਕੌਮ ਲਈ ਉਹ ਸ਼ਕਤੀ ਬਣ ਕੇ ਉੱਭਰੀ ਜਿਸ ਤੋਂ ਅਗਵਾਈ ਲੈ ਕੇ ਸਿੱਖ ਪੰਥ ਨੇ ਸ਼ਹਾਦਤਾਂ ਦੀ ਇਕ ਅਜਿਹੀ ਲੜੀ ਸਿਰਜੀ, ਜਿਸ ਦਾ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਹੋਰ ਕੋਈ ਮੁਕਾਬਲਾ ਨਹੀਂ ਕਰ ਸਕਿਆ | ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਸਿੱਖ ਕੌਮ ਨੂੰ ਜਥੇਬੰਦ ਕਰਨ ਦੀਆਂ ਤਿਆਰੀਆਂ ਆਰੰਭੀਆਂ ਤਾਂ ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਸਿਖ਼ਰ ‘ਤੇ ਪੁੱਜ ਗਈ |
ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਜਿਥੇ ਉੱਚ ਆਤਮਿਕ ਜੀਵਨ ਜਿਊਣ ਦੀ ਪ੍ਰੇਰਨਾ ਕੀਤੀ, ਉਥੇ ਹੀ ਸਿੱਖੀ ਦੇ ਵਿਕਾਸ ਲਈ ਕਈ ਮਹੱਤਵਪੂਰਨ ਕਾਰਜ ਕੀਤੇ | ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਵਸਾਏ ਨਗਰ ‘ਗੁਰੂ ਕਾ ਚੱਕ’ ਨੂੰ ‘ਚੱਕ ਰਾਮਦਾਸ/ ਰਾਮਦਾਸਪੁਰ’ ਦਾ ਨਾਂਅ ਦੇ ਕੇ ਇਸ ਦਾ ਵਿਕਾਸ ਕਰਨਾ ਆਪ ਜੀ ਦੀ ਹੀ ਦੇਣ ਹੈ, ਜੋ ਬਾਅਦ ਵਿਚ ਸ੍ਰੀ ਅੰਮਿ੍ਤਸਰ ਦੇ ਨਾਂਅ ਨਾਲ ਪ੍ਰਸਿੱਧ ਹੋਇਆ | ਇਸ ਦੇ ਨਾਲ ਹੀ ਪੰਜਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਤਿਆਰ ਕਰਵਾਏ ਜਾ ਰਹੇ ਅੰਮਿ੍ਤ ਸਰੋਵਰ ਦੀ ਸੰਪੂਰਨਤਾ ਕਰਵਾ ਕੇ ਇਸ ਦੇ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ | ਆਪ ਵਲੋਂ ਕੀਤੇ ਗਏ ਅਹਿਮ ਕਾਰਜਾਂ ਵਿਚੋਂ ਇਕ ਮਹਾਨ ਕੰਮ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਵੀ ਹੈ | ਇਸੇ ਤਰ੍ਹਾਂ ਆਪ ਨੇ ਵੱਖ-ਵੱਖ ਅਸਥਾਨਾਂ ਦੀ ਸਥਾਪਨਾ ਕੀਤੀ, ਸਰੋਵਰ ਬਣਵਾਏ ਅਤੇ ਸਿੱਖਾਂ ਨੂੰ ਵਾਪਾਰ ਲਈ ਪ੍ਰੇਰਿਆ | ਆਪ ਜੀ ਵਲੋਂ ਤੀਹ ਰਾਗਾਂ ਵਿਚ ਰਚੀ ਗਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੁਸ਼ੋਭਿਤ ਹੈ | ਇਨ੍ਹਾਂ ਸਭ ਕਾਰਜਾਂ ਸਮੇਤ ਧਰਮ ਪ੍ਰਚਾਰ ਅਤੇ ਸਮਾਜ ਸੁਧਾਰ ਲਈ ਆਪ ਨੇ ਅਨੇਕਾਂ ਹੋਰ ਕਾਰਜ ਵੀ ਕੀਤੇ |
ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਵਿਰੋਧੀਆਂ ਤੋਂ ਸਹਾਰੀ ਨਾ ਗਈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਮਨੁੱਖਤਾ ਦੇ ਹਮਦਰਦ, ਸ਼ਾਂਤੀ ਸਰੂਪ, ਨਿਮਰਤਾ ਦੇ ਪੁੰਜ, ਆਦਰਸ਼ਕ ਸ਼ਖਸੀਅਤ ਨੂੰ ਅਨੇਕਾਂ ਸਰੀਰਕ ਤਸੀਹੇ ਦਿੱਤੇ ਗਏ | ਇਸ ਤਰਾਂ 30 ਮਈ 1606 ਈ: ਨੂੰ ਆਪ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ |
ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਅਨੇਕਾਂ ਕਾਰਨ ਮੰਨੇ ਜਾਂਦੇ ਹਨ, ਪਰ ਅਸਲ ਕਾਰਨ ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਤੇ ਤੰਗਦਿਲੀ ਸੀ | ਬਾਕੀ ਸਾਰੇ ਕਾਰਨ ਸਹਾਇਕ ਸਿੱਧ ਹੋਏ | ਅਸਲ ਵਿਚ ਜਹਾਂਗੀਰ ਮੌਕੇ ਦੀ ਭਾਲ ਵਿਚ ਸੀ ਕਿ ਕਦੋਂ ਕੋਈ ਬਹਾਨਾ ਮਿਲੇ ਤੇ ਉਹ ਸਿੱਖ ਲਹਿਰ ਨੂੰ ਖਤਮ ਕਰ ਦੇਵੇ ਤੇ ਉਨ੍ਹਾਂ ਦੇ ਮੁਖੀ ਸ੍ਰੀ ਗੁਰੂ ਅਰਜਨ ਸਾਹਿਬ ਨੂੰ ਜਾਂ ਤਾਂ ਮੁਸਲਮਾਨ ਬਣਾ ਦੇਵੇ ਜਾਂ ਸ਼ਹੀਦ ਕਰ ਦੇਵੇ | ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈ-ਜੀਵਨੀ ਤੁਜ਼ਕੇ ਜਹਾਂਗੀਰੀ ਵਿਚ ਵੀ ਕਰਦਾ ਹੈ | ਉਸ ਨੂੰ ਬਹਾਨੇ ਦੀ ਤਲਾਸ਼ ਸੀ ਅਤੇ ਉਹ ਉਸ ਨੂੰ ਖੁਸਰੋ ਦੀ ਬਗ਼ਾਵਤ ਵਿਚੋਂ ਮਿਲਿਆ | ਜਹਾਂਗੀਰ ਨੇ ਗੁਰੂ ਸਾਹਿਬ ਨੂੰ ਯਾਸਾ-ਏ-ਸਿਆਸਤ ਅਧੀਨ ਸਜ਼ਾ ਦਿੱਤੀ ਜਿਸ ਤੋਂ ਭਾਵ ਹੈ ਕਿ ਤਸੀਹੇ ਦੇ ਕੇ ਮਾਰਨਾ |
ਦੂਸਰੇ ਪਾਸੇ ਗੁਰੂ ਸਾਹਿਬ ਦੀ ਸ਼ਹੀਦੀ ਨੇ ਸਿੱਖ ਲਹਿਰ ਨੂੰ ਨਵੀਂ ਸੇਧ ਦਿੱਤੀ ਅਤੇ ਪੰਜਾਬ ਦੇ ਇਤਿਹਾਸ ਉਤੇ ਇਸ ਦਾ ਦੂਰਗਾਮੀ ਅਸਰ ਹੋਇਆ | ਇਸ ਨਾਲ ਸਿੱਖਾਂ ਦੇ ਮਨਾਂ ਉਤੇ ਇਹ ਗੱਲ ਘਰ ਕਰ ਗਈ ਕਿ ਧਰਮ ਦੀ ਰੱਖਿਆ ਲਈ ਜ਼ੁਲਮ ਦੇ ਅੱਗੇ ਗੋਡੇ ਟੇਕਣ ਦੀ ਬਜਾਏ ਹਥਿਆਰਬੰਦ ਹੋਣਾ ਤੇ ਵੈਰੀ ਨਾਲ ਦੋ ਹੱਥ ਕਰਨਾ ਲਾਜ਼ਮੀ ਹੈ | ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਅਕਾਲ ਪੁਰਖ ਦੇ ਸਦਾ ਰਹਿਣ ਵਾਲੇ ਤਖ਼ਤ ‘ਸ੍ਰੀ ਅਕਾਲ ਤਖ਼ਤ ਸਾਹਿਬ’ ਦੀ ਸਥਾਪਨਾ ਕੀਤੀ |
ਇਤਿਹਾਸਕਾਰਾਂ ਦੀ ਨਜ਼ਰ ਵਿਚ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਧਰਮ ਦੇ ਇਤਿਹਾਸ ਵਿਚ ਇਕ ਮਹਾਨ ਤੇ ਜੁਗ ਪਲਟਾਊ ਘਟਨਾ ਅਤੇ ਇਨਕਲਾਬੀ ਮੋੜ ਦੀ ਸੂਚਕ ਹੈ | ਇਸ ਸ਼ਹਾਦਤ ਨੇ ਸਿੱਖਾਂ ਨੂੰ ਜ਼ੁਲਮ ਨਾਲ ਟੱਕਰ ਲੈਣ, ਅਕਾਲ ਪੁਰਖ ਦਾ ਭਾਣਾ ਮੰਨਣ ਤੇ ਸਬਰ, ਸੰਤੋਖ ਤੇ ਦਿ੍ੜ੍ਹਤਾ ਨਾਲ ਆਪਣੇ ਹੱਕਾਂ ਦੀ ਰੱਖਿਆ ਕਰ ਸਕਣ ਦਾ ਚੱਜ ਸਿਖਾ ਕੇ ਸਿੱਖੀ ਦੇ ਮਹੱਲ ਦੀਆਂ ਨੀਹਾਂ ਨੂੰ ਐਸਾ ਪੱਕਾ ਤੇ ਮਜ਼ਬੂਤ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਜ਼ੁਲਮ ਤੇ ਝੱਖੜ ਇਸ ਦਾ ਕੁਝ ਨਾ ਵਿਗਾੜ ਸਕੇ | ਸੋ ਆਓ, ਗੁਰੂ ਸਾਹਿਬ ਵਲੋਂ ਦਿੱਤੀ ਗਈ ਪਾਵਨ ਸ਼ਹਾਦਤ ਦੇ ਅਸਲ ਮਨੋਰਥ ਅਨੁਸਾਰ ਆਪਣੀਆਂ ਜੀਵਨ ਸੇਧਾਂ ਨਿਰਧਾਰਤ ਕਰੀਏ |

– ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ |