ਕੇਜਰੀਵਾਲ ਨੇ ਵੀ ਕੀਤਾ ਕਿਸਾਨਾਂ ਦਾ ਸਮਰਥਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। ਫੋਟੋ ਤੇ ਵੇਰਵਾ: ਏ ਐਨ ਆਈ

ਨਵੀਂ ਦਿੱਲੀ – ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਕਥਿਤ ਕਿਸਾਨ ਵਿਰੋਧੀ ਬਿੱਲਾਂ ਦੇ ਖਿਲਾਫ ਅੱਜ ਲੱਖਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ। ਜਿਥੇ ਕੇਂਦਰ ਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਪੂਰੀ ਜ਼ੋਰ ਲਾ ਦਿੱਤਾ ਹੈ ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਟਵੀਟ ਕਰਕੇ ਭਾਜਪਾ ਸਰਕਾਰ ਦੇ ਬਿੱਲਾਂ ਨੂੰ ਕਿਸਾਨ ਵਿਰੋਧੀ ਦੱਸਿਆ ਤੇ ਕਿਸਾਨਾਂ ਦਾ ਸਮਰਥਨ ਕੀਤਾ।

ਦਿੱਲੀ ਦੇ ਮੁੱਖ ਮੰਤਰੀ ਨੇ ਆਪਣੇ ਟਵੀਟ ਵਿਚ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਬਿੱਲ ਕਿਸਾਨ ਵਿਰੋਧੀ ਹਨ। ਇਹ ਬਿੱਲ ਵਾਪਸ ਲੈਣ ਦੀ ਬਜਾਏ ਕਿਸਾਨਾਂ ਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ ਹੈ, ਉਨ੍ਹਾਂ ‘ਤੇ ਵਾਟਰ ਕੈਨਨ ਚਲਾਈ ਜਾ ਰਹੀ ਹੈ। ਕਿਸਾਨਾਂ ‘ਤੇ ਇਹ ਜੁਰਮ ਗਲਤ ਹਨ। ਸ਼ਾਂਤੀਪੂਰਨ ਪ੍ਰਦਰਸ਼ਨ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ। ਜ਼ਿਕਰਯੋਗ ਹੈ ਕਿ ਆਪਣੇ ਸੰਘਰਸ਼ ਵਿਚ ਪੂਰੀ ਵਾਹ ਲਾਉਣ ਲਈ ਕਿਸਾਨ ਰਾਸ਼ਨ-ਪਾਣੀ ਨਾਲ ਲੈ ਕੇ ਤੁਰੇ ਹਨ ਤੇ ਉਨ੍ਹਾਂ ਦੀ ਯੋਜਨਾ ਹੈ ਕਿ ਜਿੱਥੇ ਵੀ ਪੁਲਸ ਰੋਕੇਗੀ, ਉੱਥੇ ਹੀ ਧਰਨੇ ‘ਤੇ ਬੈਠ ਜਾਣਗੇ। ਪੰਜਾਬ ਤੋਂ ਲੱਗਭਗ 3 ਲੱਖ ਕਿਸਾਨ 26 ਨਵੰਬਰ ਤੋਂ ‘ਦਿੱਲੀ ਚਲੋ’ ਅੰਦੋਲਨ ਤਹਿਤ ਦਿੱਲੀ ਰਵਾਨਾ ਹੋਣ ਲਈ ਤਿਆਰ ਹੋਏ ਹਨ।