ਹੱਦ ‘ਤੇ ਦਿੱਲੀ ਪੁਲਿਸ ਨੇ ਮੰਗਾਏ 2000 ਅੱਥਰੂ ਗੈਸ ਦੇ ਗੋਲ਼ੇ

ਨਵੀਂ ਦਿੱਲੀ  ਗ੍ਰਹਿ ਮੰਤਰੀ ਦੇ ਭਰੋਸੇ ਤੋਂ ਬਾਅਦ ਵੀ ਦਿੱਲੀ ਦੀਆਂ ਹੱਦਾਂ ‘ਤੇ ਸੜਕ ਜਾਮ ਕਰ ਕੇ ਧਰਨੇ ‘ਤੇ ਬੈਠੇ ਕਿਸਾਨ ਬੁਰਾੜੀ ਦੇ ਨਿਰੰਕਾਰੀ ਮੈਦਾਨ ‘ਚ ਆਉਣ ਲਈ ਤਿਆਰ ਨਹੀਂ ਹਨ। ਇਸ ਨਾਲ ਟੀਕਰੀ ਅਤੇ ਸਿੰਘੂ ਹੱਦ ਦੇ ਆਸ-ਪਾਸ ਰਹਿਣ ਵਾਲੇ ਸਥਾਨਕ ਲੋਕਾਂ ਦੇ ਨਾਲ-ਨਾਲ ਦਿੱਲੀ ਪੁਲਿਸ ਵੀ ਖ਼ਾਸੀ ਪਰੇਸ਼ਾਨ ਹੈ। ਕਿਸਾਨ ਅੰਦੋਲਨ ਕਾਰਨ ਹੁਣ ਦਿੱਲੀ-ਐੱਨਸੀਆਰ ‘ਚ ਰਹਿਣ ਵਾਲੇ ਲੋਕਾਂ ਦੇ ਜਨਜੀਵਨ ‘ਤੇ ਬੁਰਾ ਅਸਰ ਪੈਣ ਲੱਗਿਆ ਹੈ। ਇਸ ਨਾਲ ਲੋਕਾਂ ‘ਚ ਗੁੱਸਾ ਵੀ ਵਧਣ ਲੱਗਿਆ ਹੈ। ਤਮਾਮ ਪਹਿਲੂਆਂ ਨੂੰ ਵੇਖਦੇ ਹੋਏ ਦਿੱਲੀ ਪੁਲਿਸ ਨੇ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਸਾਰੀਆਂ ਹੱਦਾਂ ‘ਤੇ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਹੈ।

ਸਕੱਤਰੇਤ ਸੂਤਰਾਂ ਦੀ ਮੰਨੀਏ ਤਾਂ ਸਖ਼ਤ ਕਾਰਵਾਈ ਲਈ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਦਿੱਲੀ ਦੇ ਕਾਨੂੰਨ ਪ੍ਰਬੰਧ ਨੂੰ ਕਿਸੇ ਹਾਲਤ ‘ਚ ਵਿਗੜਨ ਨਹੀਂ ਦਿੱਤਾ ਜਾਵੇਗਾ। ਵਾਰ-ਵਾਰ ਪੁਲਿਸ ਦੇ ਆਹਲਾ ਅਧਿਕਾਰੀ ਕਿਸਾਨ ਆਗੂਆਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਬੁਰਾੜੀ ਸਥਿਤੀ ਨਿਰੰਕਾਰੀ ਮੈਦਾਨ ‘ਚ ਆਉਣ ਦੀ ਅਪੀਲ ਕਰ ਰਹੇ ਹਨ ਪਰ ਕੋਈ ਮੰਨਣ ਨੂੰ ਤਿਆਰ ਨਹੀਂ ਹੈ। ਬੁਰਾੜੀ ‘ਚ ਕਿਸਾਨਾਂ ਨੂੰ ਰਹਿਦ ਲਈ ਵੱਡੇ ਇੰਤਜ਼ਾਮ ਕੀਤੇ ਗਏ ਹਨ ਪਰ ਕਿਸਾਨ ਉੱਥੇ ਜਾਣ ਨੂੰ ਤਿਆਰ ਨਹੀਂ ਹਨ। ਜੋ ਕਿਸਾਨ ਉੱਥੇ ਪਹੁੰਚੇ ਹਨ, ਉਹ ਆਪਣੇ-ਆਪਣੇ ਟਰੈਕਟਰ-ਟਰਾਲੀਆਂ ‘ਚ ਹੀ ਰਹਿ ਰਹੇ ਹਨ। ਕਿਸੇ ਦੇ ਟੈਂਟ ‘ਚ ਕਿਸਾਨ ਨਹੀਂ ਜਾ ਰਹੇ।

ਕਿਸਾਨਾਂ ਦੀ ਭੀੜ ਨੂੰ ਵੇਖਦੇ ਹੋਏ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ। ਕਿਉਂਕਿ ਭੀੜ ਦੀ ਆੜ ‘ਚ ਕੋਈ ਸ਼ਰਾਰਤੀ ਅਨਸਰ ਆਪਣੇ ਨਾਪਾਕ ਇਰਾਦੇ ਨੂੰ ਅੰਜਾਮ ਨਾ ਦੇ ਬੈਠੇ। ਸੂਤਰਾਂ ਅਨੁਸਾਰ, ਹੱਦਾਂ ‘ਤੇ ਦਿੱਲੀ ਪੁਲਿਸ ਤੋਂ ਇਲਾਵਾ 23 ਕੰਪਨੀਆਂ ਪੈਰਾ ਮਿਲਟਰੀ ਦੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਦਿੱਲੀ ਪੁਲਿਸ ਨੇ 2000 ਅੱਥਰੂ ਗੈਸ ਦੇ ਗੋਲ਼ੇ ਮੰਗਵਾਏ ਹਨ। ਹੱਦਾਂ ‘ਤੇ ਸਥਿਤੀ ਨਾ ਵਿਗੜੇ ਇਸ ਲਈ ਹਰ ਸਮੇਂ ਉੱਥੇ ਡੀਸੀਪੀ ਦੇ ਇਕ ਅਧਿਕਾਰੀ ਦੀ ਤਾਇਨਾਤੀ ਰਹੇਗੀ। ਵਿਸ਼ੇਸ਼ ਕਮਿਸ਼ਨਰ ਪੱਧਰ ਦੇ ਅਧਿਕਾਰੀ ਪੂਰੇ ਹਾਲਾਤ ‘ਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ।