ਨਹੀਂ ਦਿਸਦਾ ਕਿਤੇ ਹੁਣ ਰੰਗੀਨ ਚਰਖ਼ਾ

ਲੇਖਕ: ਅਖ਼ਤਰ ਰਸੂਲ, ਐਮ.ਏ. ਕੇਲੋਂ,  ਮਾਲੇਰਕੋਟਲਾ

ਚਰਖ਼ਾ ਪੰਜਾਬੀ ਸੱਭਿਆਚਾਰ ਦਾ ਇੱਕ ਅਟੁੱਟ ਅੰਗ ਹੈ ਅਤੇ ਪੰਜਾਬੀ ਵਿਰਸੇ ਦਾ ਇੱਕ ਅਨਮੋਲ ਹੀਰਾ ਹੈ। ਚਰਖ਼ਾ ਪੰਜਾਬੀ ਸੁਆਣੀ ਦੇ ਦੁੱਖ-ਸੁੱਖ ਦਾ ਮੁੱਢ ਤੋਂ ਹੀ ਭਾਈਵਾਲ ਰਿਹਾ ਹੈ। ਪੰਜਾਬੀ ਸੁਆਣੀ ਆਪਣੇ ਮਨ ਦੇ ਹਾਵ-ਭਾਵ, ਖ਼ੁਸ਼ੀ-ਗ਼ਮੀ, ਪੀੜਾ ਅਤੇ ਜੁਦਾਈ ਸਭ ਕੁੱਝ ਚਰਖ਼ੇ ਨਾਲ ਸਾਂਝਾ ਕਰਦੀ ਰਹੀ ਹੈ। ਜਦੋਂ ਸੱਜ-ਵਿਆਹੀ ਸੱਸ ਤੋਂ ਸਤੀ  ਹੋਈ ਮੁਟਿਆਰ ਨੂੰ ਆਪਣੇ ਮਾਪਿਆਂ ਦੀ ਯਾਦ ਸਤਾਉਂਦੀ ਤਾਂ ਉਹ ਆਪਣੇ ਦਿਲ ਦਾ ਹਾਲ ਚਰਖ਼ੇ ਅੱਗੇ ਫਰੋਲ ਛੱਡਦੀ:
ਮਾਂ ਮੇਰੀ ਨੇ ਚਰਖ਼ਾ ਦਿੱਤਾ ਵਿੱਚ ਸੋਨੇ ਦੀਆਂ ਮੇਖਾਂ
ਮਾਂ ਤੈਨੂੰ ਯਾਦ ਕਰਾਂ ਜਦ ਚਰਖ਼ੇ ਵੱਲ ਵੇਖਾਂ
ਜਦੋਂ ਕਦੀ ਕੋਈ ਤੱਤੜੀ ਪ੍ਰਦੇਸ ਗਏ ਆਪਣੇ ਢੋਲ-ਪਿਆਰੇ ਨੂੰ ਆਪਣੇ ਕੋਮਲ ਹਿਰਦੇ ਅੰਦਰ ਧਿਆਉਂਦੀ ਤਾਂ ਉਹ ਸੇਜਲ ਅੱਖਾਂ ਨਾਲ ਹਿਜਰ ਦਾ ਗੀਤ ਗਾਉਂਦੀ:
ਸੁਣ ਵੇ ਗੱਭਰੂਆ ਸੁਣ ਵੇ ਰਾਂਝਣਾ
ਤੈਨੂੰ ਮੈਂ ਸਮਝਾਵਾਂ
ਵੇ ਚਰਖ਼ਾ ਮੈਂ ਕੱਤਦੀ
ਤੇਰੇ ਨਾਂ ਦੇ ਗਲੋਟੇ ਲਾਉਂਦੀ
ਚਰਖ਼ਾ ਭਾਵੇਂ ਅੱਜ ਸਾਨੂੰ ਲੱਕੜ ਅਤੇ ਲੋਹੇ ਦੇ ਚੰਦ ਪੁਰਜ਼ਿਆਂ ਤੋਂ ਬਣੀ ਸਧਾਰਨ ਜਿਹੀ ਸ਼ੈ ਜਾਪਦੀ ਹੈ। ਪਰ, ਚਰਖ਼ਾ ਪੁਰਾਤਨ ਪੰਜਾਬੀ ਜੀਵਨ ਦਾ ਇੱਕ ਧੁਰਾ ਹੁੰਦਾ ਸੀ, ਕਿਉਂ ਜੋ ਘਰ-ਪਰਿਵਾਰ ਦੇ ਜ਼ਿਆਦਾਤਰ ਕੰਮ-ਧੰਦੇ ਚਰਖ਼ੇ ਨਾਲ ਜੁੜੇ ਹੁੰਦੇ ਸਨ। ਰੋਜ਼ਾਨਾ ਵਰਤੋਂ ਦੀਆਂ ਜ਼ਿਆਦਾਤਰ ਚੀਜ਼ਾਂ ਜਿਵੇਂ ਦਰੀਆਂ, ਖੇਸ, ਦੋਲੇ, ਰਜ਼ਾਈਆਂ ਦੇ ਲਿਹਾਫ਼ ਆਦਿ ਸਭ ਚਰਖ਼ੇ ਨਾਲ ਹੀ ਤਿਆਰ ਕੀਤੇ ਜਾਂਦੇ ਸਨ। ਚਰਖੇ ਦਾ ਜ਼ਿਕਰ ਪੰਜਾਬੀ ਸਾਹਿਤ ਵਿੱਚ ਸਭ ਤੋਂ ਪਹਿਲਾਂ ਮਲਾਮਤੀ ਫਿਰਕੇ ਦੇ ਪ੍ਰਸਿੱਧ ਸੂਫ਼ੀ ਕਵੀ ਸ਼ਾਹ ਹੁਸੈਨ ਜੀ ਨੇ ਆਪਣੀ ਕਵਿਤਾ ਅੰਦਰ ਕੀਤਾ ਸੀ:
ਚਰਖ਼ਾ ਮੇਰਾ ਰੰਗਲੜਾ ਰੰਗ ਲਾਲ।
ਚਰਖ਼ਾ ਪੰਜਾਬੀ ਲੋਕ ਕਲਾ ਦਾ ਇੱਕ ਸੁੰਦਰ ਨਮੂਨਾ ਹੁੰਦਾ ਸੀ। ਚਰਖ਼ੇ ਨੂੰ ਬਣਾਉਨਾ ਅਤੇ ਚਲਾਉਣਾ ਦੋਵੇਂ ਹੀ ਤਕਨੀਕੀ ਪੱਖ ਤੋਂ ਉੱਤਮ ਹੁਨਰ ਹੁੰਦੇ ਸਨ।ਚਰਖ਼ੇ ਦੀ ਕਾਰੀਗਰੀ ਦੀ ਤਕਨੀਕ ਦਾ ਪਤਾ ਇਸ ਲੋਕ ਗੀਤ ਤੋਂ ਚੱਲਦਾ ਹੈ:
ਕਾਰੀਗਰ ਨੂੰ ਦੇਹ ਵਧਾਈਆਂ, ਜੀਹਨੇ ਰੰਗਲਾ ਚਰਖ਼ਾ ਬਣਾਇਆ
ਵਿੱਚ ਸੁਨਹਿਰੀ ਲਾਈਆਂ ਮੇਖਾਂ, ਹੀਰਿਆਂ ਜੜਤ ਜੜਾਇਆ
ਬੀੜੇ ਦੇ ਨਾਲ ਖਹੇ ਦਮਕੜਾ, ਤੱਕਲਾ ਫਿਰ ਸਵਾਇਆ
ਕੱਤ ਲੈ ਹਾਣ ਦੀਏ ਨੀ ,ਤੇਰਾ ਵਿਆਹ ਭਾਦੋਂ ਦਾ ਆਇਆ
ਚਰਖ਼ਾ ਟਾਹਲੀ ਜਾਂ ਰਾਹੂ ਦੀ ਲੱਕੜੀ ਦਾ ਬਣਾਇਆ ਜਾਂਦਾ ਸੀ। ਕਿੱਕਰ ਦਾ ਵੀ ਚਰਖ਼ਾ ਬਣਾਇਆ ਜਾਂਦਾ ਸੀ, ਪਰ ਇਹ ਮੁਟਿਆਰਾਂ ‘ਚ ਟਾਹਲੀ ਅਤੇ ਰਾਹੂ ਦੀ ਲੱਕੜੀ ਤੋਂ ਬਣੇ ਚਰਖ਼ੇ ਜਿੰਨਾ ਮਕਬੂਲ ਨਹੀਂ ਸੀ ਬਣ ਸਕਿਆ। ਚਰਖ਼ੇ ‘ਤੇ ਸ਼ੀਸ਼ੇ ਜੜੇ ਜਾਂਦੇ ਸਨ। ਪਾਲਸ਼ ਅਤੇ ਰੰਗ-ਰੋਗਣ ਨਾਲ ਵੀ ਇਸਨੂੰ ਖ਼ੂਬ ਸ਼ਿੰਗਾਰਿਆ ਜਾਂਦਾ ਸੀ।
ਚਰਖ਼ੇ ਦੇ ਹਰੇਕ ਭਾਗ ਦਾ ਆਪਣਾ-ਆਪਣਾ ਮਹੱਤਵ ਅਤੇ ਕਾਰਜ ਹੁੰਦਾ ਸੀ :
ਕਾਢ: ਚਰਖੇ ਦੇ ਹੇਠਾਂ ਇੱਕ ਪਤਲੀ ਲੰਮੀ ਲੱਕੜੀ ਲਗਾਈ ਜਾਂਦੀ ਸੀ, ਜੋ ਅੱਗੇ ਅਤੇ ਪਿੱਛੇ ਦੋ ਫੱਲੜਾਂ ਨਾਲ ਜੁੜੀ ਹੁੰਦੀ ਸੀ। ਇਸ ਨੂੰ ਕਾਢ ਕਹਿੰਦੇ ਸਨ।
ਫੱਲੜ: ਚਰਖੇ ਦੀ ਕਾਢ ਦੇ ਅੱਗੇ ਅਤੇ ਪਿੱਛੇ ਦੋ ਲੱਕੜ ਦੇ ਆਇਤਾਕਾਰ ਫੱਲੜ ਜੜੇ ਹੁੰਦੇ ਸਨ। ਅਗਲੇ ਫੱਲੜ ‘ਤੇ ਤਿੰਨ ਨਿੱਕੀਆਂ ਮੁੰਨੀਆਂ ਗੱਡੀਆਂ ਜਾਂਦੀਆਂ ਸਨ ਅਤੇ ਪਿਛਲੇ ਫੱਲੜ ਵਿੱਚ ਦੋ ਵੱਡੇ ਮੁੰਨੇ ਠੋਕੇ ਜਾਂਦੇ ਸਨ।
ਦੋ ਫੱਟ ਅਤੇ ਮਝੇਰੂ: ਲੱਕੜ ਦੇ ਦੋ ਗੋਲ ਅਕਾਰ ਫੱਟੇ ਕੱਟ ਕੇ ਇਹਨਾਂ ਨੂੰ ਜੋੜ ਕੇ ਗੋਲ ਫੱਟ ਬਣਾਏ ਜਾਂਦੇ ਸਨ। ਫਿਰ ਇਹਨਾਂ ਨੂੰ ਵੱਡੇ ਮੁੰਨਿਆਂ ‘ਤੇ ਫਿੱਟ ਕਰ ਦਿੱਤਾ ਜਾਂਦਾ ਸੀ। ੪-੫ ਇੰਚ ਦੇ ਫਾਸਲੇ ਨਾਲ ਵਿਚਾਲੇ ਲੱਕੜ ਦਾ ਇੱਕ ਗੋਲ ਗੁਟਕਾ ਫਿੱਟ ਕੀਤਾ ਜਾਂਦਾ ਸੀ, ਜਿਸਨੂੰ ਮਝੇਰੂ ਕਹਿੰਦੇ ਸਨ। ਗੋਲ ਫੱਟਾਂ ਦੇ ਅਖ਼ੀਰ ਵਿੱਚ ਆਰੀ ਨਾਲ ਤਿਰਛੇ ਦੰਦੇ ਕੱਢੇ ਜਾਂਦੇ ਸਨ, ਜਿੱਥੇ ਕੱਸਣ ਫਿਰਦੀ ਸੀ।
ਗੁੱਜ ਅਤੇ ਹੱਥਾ: ਲੱਕੜ ਦੇ ਦੋ ਪਹੀਆਂ ਅਤੇ ਮਝੇਰੂ ਦੇ ਆਰ-ਪਾਰ ਦੀ ਇੱਕ ੪ ਸੂਤ ਦੇ ਲੋਹੇ ਦਾ ਸਰੀਆ ਲੰਘਾਇਆ ਜਾਂਦਾ ਸੀ, ਜਿਸਨੂੰ ਗੁੱਜ ਕਹਿੰਦੇ ਸਨ।ਚਰਖੇ ਦੇ ਖੱਬੇ ਪਾਸੇ ਲੱਕੜ ਦਾ ਹੱਥਾ ਫਿੱਟ ਕੀਤਾ ਜਾਂਦਾ ਸੀ, ਜਿਸ ਨਾਲ ਚਰਖ਼ੇ ਨੂੰ ਘੁਮਾਇਆ ਜਾਂਦਾ ਸੀ।
ਤੱਕਲਾ ਅਤੇ ਚਰਮਖਾਂ : ਅਗਲੇ ਫੱਲੜ ਦੀਆਂ ਦੋ ਸਾਈਡਾਂ ਵਾਲੀਆਂ ਮੁੰਨੀਆਂ ਦੇ ਵਿਚਾਲੇ ਗਲੀਆਂ ਕੱਢ ਕੇ ਉਸ ਵਿੱਚ ਚਮੜੇ ਜਾਂ ਲੱਕੜ ਦੀਆਂ ਚਰਮਖਾਂ ਨੂੰ ਫਸਾਇਆ ਜਾਂਦਾ ਸੀ। ਇਹਨਾਂ ਚਰਮਖਾਂ ਵਿੱਚ ਗਲੀਆਂ ਕੱਢ ਕੇ ਇਹਨਾਂ ਦੇ ਆਰ-ਪਾਰ ਦੀ ਲੋਹੇ ਦਾ ਤੱਕਲਾ ਲੰਘਾਇਆ ਜਾਂਦਾ ਸੀ, ਜੋ ਵਿਚਕਾਰੋਂ ਮੋਟਾ ਅਤੇ ਸਾਈਡਾਂ ਤੋਂ ਪਤਲਾ ਤੇ ਤਿੱਖਾ ਹੁੰਦਾ ਸੀ।
ਦਮਕੜਾ: ਗਲੋਟੇ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਇੱਕ ਲੱਕੜ ਦਾ ਟੁਕੜਾ ਕੱਟ ਕੇ ਜਾਂ ਲੋਹੇ ਦੀ ਵਾਸਲ ਤਿਆਰ ਕਰਕੇ ਤੱਕਲੇ ਵਿੱਚ ਗਲੋਟੇ ਦੇ ਨਾਲ ਪਾਇਆ ਜਾਂਦਾ ਸੀ ਤਾਂ ਜੋ ਗਲੋਟੇ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ, ਇਸਨੂੰ ਦਮਕੜਾ ਕਹਿੰਦੇ ਸਨ।
ਬੀੜਾ: ਬੀੜਾ ਤੱਕਲੇ ਵਿੱਚ ਦਮਕੜੇ ਦੇ ਨਾਲ ਦਮਕੜੇ ਨੂੰ ਰੋਕਣ ਲਈ ਲਗਾਇਆ ਜਾਂਦਾ ਸੀ। ਇਹ ਵੀ ਤੱਕਲੇ ਉੱਤੇ ਥੋੜਾ ਜਿਹਾ ਸੂਤ ਲਪੇਟ ਦਿੱਤਾ ਜਾਂਦਾ ਸੀ ਤਾਂ ਜੋ ਦਮਕੜਾ ਆਪਣੀ ਜਗ੍ਹਾ ਤੋਂ ਨਾ ਹਿੱਲੇ।
ਬੀੜੀ: ਤੱਕਲੇ ਦੇ ਵਿਚਾਲੇ ਕੱਚੇ ਧਾਗੇ ਨੂੰ ਗੁੜ ‘ਚ ਲਬੇੜ ਕੇ ਲਪੇਟਿਆ ਜਾਂਦਾ ਸੀ, ਇਸ ਉੱਤੇ ਮਾਲ੍ਹ ਚੱਲਦੀ ਸੀ, ਇਸਨੂੰ ਬੀੜੀ ਕਹਿੰਦੇ ਸਨ।
ਕੱਸਣ ਅਤੇ ਮਾਲ੍ਹ: ਚਰਖ਼ੇ ਦੇ ਦੋਨਾਂ ਚੱਕਰਾਂ ‘ਤੇ ਟੇਢੇ ਚੀਰ ਮਾਰ ਕੇ ਇਸਨੂੰ ਸਨ ਦੇ ਮੇਲੇ ਹੋਏ ਧਾਗੇ ਨਾਲ ਆਡੇ-ਤਿਰਛੇ ਲੋਟ ਕੱਸਿਆ ਜਾਂਦਾ ਸੀ, ਜਿਸਨੂੰ ਕੱਸਣ ਕਹਿੰਦੇ ਸਨ।ਚਰਖ਼ੇ ਦੀ ਕੱਸਣ ‘ਤੇ ਲਿਪਟ ਕੇ ਚਰਖ਼ੇ ਦੇ ਅਗਲੇ ਅਤੇ ਵਿਚਕਾਰਲੇ ਮੁੰਨੇ ਵਿੱਚ ਦੀ ਲੰਘ ਕੇ ਤੱਕਲੇ ਨੂੰ ਘੁਮਾਉਣ ਵਾਲੇ ਸਨ ਦੇ ਧਾਗੇ ਨੂੰ ਮਾਲ੍ਹ ਕਹਿੰਦੇ ਸਨ।
ਗਲੋਟਾ, ਪੂਣੀ ਅਤੇ ਤੰਦ: ਕਪਾਹ ਨਰਮੇ ਨੂੰ ਪੇਂਜੇ ਵਿੱਚ ਪਿੰਜ ਕੇ ਜਾਂ ਤਾੜ ਨਾਲ ਤਾੜ ਕੇ ਸਲਵਾੜ ਦੇ ਇੱਕ ਹੱਥ ਲੰਮੇ ਕਾਨੇ ਨਾਲ ਰੂੰ ਦੀਆਂ ਛੋਟੀਆਂ-ਛੋਟੀਆਂ ਪੂਣੀਆਂ ਬਣਾ ਲਈਆਂ ਜਾਂਦੀਆਂ ਸਨ। ਪੂਣੀ ਨੂੰ ਤੱਕਲੇ ਦੀ ਖੱਬੀ ਨੋਕ ਨਾਲ ਲਾ ਕੇ ਚਰਖ਼ੇ ਨੂੰ ਸੱਜੇ ਹੱਥ ਨਾਲ ਘੁਮਾਇਆ ਜਾਂਦਾ ਸੀ ਅਤੇ ਪੂਣੀ ਨੂੰ ਖੱਬੇ ਹੱਥ ਨਾਲ ਖੱਬੇ ਪਾਸੇ ਤੋਂ ਉੱਪਰ ਨੂੰ ਹੌਲੀ ਜਿਹੇ ਖਿੱਚਿਆ ਜਾਂਦਾ ਸੀ ਤਾਂ ਇਸਨੂੰ ਤੰਦ ਕਹਿੰਦੇ ਸਨ।ਜਦੋਂ ਕੱਤਿਆ ਹੋਇਆ ਸੂਤ ਦੋਵਾਂ ਕੋਨਿਆਂ ਤੋਂ ਪਤਲੇ ਅਤੇ ਵਿਚਕਾਰੋਂ ਉੱਭਰੇ ਅੰਡਾਕਾਰ ਰੂਪ ‘ਚ ਲਿਪਟ ਕੇ ਤੱਕਲੇ ਦੇ ਉੱਪਰ ਤਿਆਰ ਹੋ ਜਾਂਦਾ ਸੀ ਤਾਂ ਇਸ ਨੂੰ ਗਲੋਟਾ ਕਹਿੰਦੇ ਸਨ।
ਅਟੇਰਨ, ਅੱਟੀ, ਊਰੀ ਅਤੇ ਲੱਛੇ: ਕੱਤੇ ਹੋਏ ਸੂਤ ਦੇ ਇਕਹਿਰੇ ਗਕਲੋਟਿਆਂ ਨੂੰ ਲੱਕੜ ਦੇ ਬਣੇ ਇੱਕ ਸੰਦ ਅਟੇਰਨ ਨਾਲ ਅਟੇਰ ਕੇ ਦੂਹਰੇ ਸੂਤ ਦੀਆਂ ਅੱਟੀਆਂ ਬਣਾ ਲਈਆਂ ਜਾਂਦੀਆਂ ਸਨ। ਅਟੇਰਨ ਇੱਕ ਡਮਰੂ ਨੁਮਾ ਸ਼ਕਲ ਦਾ ਹੁੰਦਾ ਸੀ। ਅਟੇਰਨ ਉੱਤੇ ਤਿਆਰ ਸੂਤ ਨੂੰ ਅੱਟੀ ਕਿਹਾ ਜਾਂਦਾ ਸੀ। ਅਟੇਰੇ ਹੋਏ ਸੂਤ ਨੂੰ ਫਿਰ ਊਰੀ ‘ਤੇ ਚੜਾ ਕੇ ਲੋੜ ਅਨੁਸਾਰ ਚੌਹਰਾ ਕਰਨ ਲਈ ਲੱਛੇ ਬਣਾਏ ਜਾਂਦੇ ਸਨ ਅਤੇ ਜ਼ਰੂਰਤ ਅਨੁਸਾਰ ਰੰਗਿਆ ਜਾਂਦਾ ਸੀ। ਇਸ ਤੋਂ ਫਿਰ ਵੱਖ-ਵੱਖ ਵਸਤੂਆਂ ਤਿਆਰ ਕਰ ਲਈਆਂ ਜਾਂਦੀਆਂ ਸਨ।
ਕੱਤਣੀ, ਤ੍ਰਿੰਝਣ ਅਤੇ ਛੋਪ: ਕੱਤੇ ਹੋਏ ਗਲੋਟਿਆਂ ਨੂੰ ਕੱਤਣੀ ਵਿੱਚ ਪਾ ਲਿਆ ਜਾਂਦਾ ਸੀ। ਇਹ ਕੱਤਣੀ ਕਣਕ ਦੀਆਂ ਤੀਲਾਂ ਦੀ ਬਣਾਈ ਜਾਂਦੀ ਸੀ।ਤ੍ਰਿੰਝਣ ਚਰਖ਼ਾ ਕੱਤਦੀਆਂ ਕੁੜੀਆਂ ਦੇ ਇਕੱਠ ਨੂੰ ਕਹਿੰਦੇ ਸਨ। ਇੱਕ ਸਿਆਣੀ ਔਰਤ ਪੂਣੀਆਂ ਨੂੰ ਇੱਕ ਛੱਜ ‘ਚ ਪਾ ਦਿੰਦੀ ਸੀ ਤੇ ਵੱਖੋ-ਵੱਖ ਕੁੜੀਆਂ ਅਤੇ ਬੁਹਟੀਆਂ ਵਿੱਚ ਇਨ੍ਹਾਂ ਪੂਣੀਆਂ ਨੂੰ ਵੰਡ ਦਿੰਦੀ ਸੀ ਤੇ ਮੁਕਾਬਲਾ ਸ਼ੁਰੂ ਹੋ ਜਾਂਦਾ ਸੀ ਤੇਜ਼ੀ ਨਾਲ ਸੂਤ ਕੱਤਣ ਦਾ, ਇਸਨੂੰ ਛੋਪ ਕਹਿੰਦੇ ਸਨ।
ਅਫ਼ਸੋਸ! ਅੱਜ ਇਹ ਰੰਗ-ਰੰਗੀਲਾ ਚਰਖ਼ਾ ਅੱਜ ਸਾਥੋਂ ਵਿਛੜ ਚੁੱਕਾ ਹੈ।ਹੁਣ ਤਾਂ ਇਸਨੂੰ ਕਿਸੇ ਸਕੂਲ, ਕਾਲਜ ਜਾਂ ਕਿਸੇ ਸੱਭਿਆਚਾਰਕ ਸੱਥ ਦੀ ਸਟੇਜ ‘ਤੇ ਸਿਰਫ਼ ਦਿਖਾਵੇ ਲਈ ਹੀ ਵੇਖਿਆ ਜਾ ਸਕਦਾ ਹੈ।ਅੱਜ ਦੀ ਪੰਜਾਬਣ ਸੁਆਣੀ ਨੇ ਆਪਣੇ ਜੁਗਾਂ-ਜੁਗਾਂ ਦੇ ਸਾਥੀ ਅਤੇ ਆਪਣੇ ਦੁੱਖਾਂ-ਸੁਖਾਂ ਦੇ ਸਾਂਝੀ ਨੂੰ ਤਿਆਗ ਦਿੱਤਾ ਹੈ।