ਹਵਾ ਪ੍ਰਦੂਸ਼ਣ ਨਾਲ ਵੀ ਕੋਰੋਨਾਵਾਇਰਸ ਦੇ ਫੈਲਣ ਦਾ ਖ਼ਤਰਾ ਵਧ ਸਕਦਾ

ਨਵੀਂ ਦਿੱਲੀ – ਮਾਹਰਾਂ ਦਾ ਕਹਿਣਾ ਹੈ ਕਿ ਹਵਾ ਪ੍ਰਦੂਸ਼ਣ ਨਾਲ ਵੀ ਕੋਰੋਨਾਵਾਇਰਸ ਦੇ ਫੈਲਣ ਦਾ ਖ਼ਤਰਾ ਵਧ ਸਕਦਾ ਹੈ, ਜਿਸ ਨਾਲ ਲੋਕ ਬੀਮਾਰੀ ਦੀ ਲਪੇਟ ‘ਚ ਆ ਸਕਦੇ ਹਨ। ਮਾਹਰਾਂ ਮੁਤਾਬਕ ਹਵਾ ਪ੍ਰਦੂਸ਼ਣ ਨਾਲ ਕੋਰੋਨਾ ਮਹਾਮਾਰੀ ਦੀ ਸਥਿਤੀ ਗੰਭੀਰ ਹੋ ਸਕਦੀ ਹੈ। ਮਾਹਰਾਂ ਨੇ ਕਿਹਾ ਕਿ ਜੋ ਲੋਕ ਪਹਿਲਾਂ ਹੀ ਇਸ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ, ਉਨ੍ਹਾਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਰਾਂ ਮੁਤਾਬਕ ਸਰਦੀਆਂ ਦਾ ਮੌਸਮ ਆਉਣ ਵਾਲਾ ਹੈ ਅਤੇ ਕੋਰੋਨਾ ਨਾਲ ਨਜਿੱਠਣ ਲਈ ਲਾਈ ਗਈ ਤਾਲਾਬੰਦੀ ਦੀਆਂ ਪਾਬੰਦੀਆਂ ਨੂੰ ਹੁਣ ਘੱਟ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਕੋਰੋਨਾ ਦੀ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਹਵਾ ਦੀ ਗੁਣਵੱਤਾ ਐਤਵਾਰ ਦੀ ਸਵੇਰ ਨੂੰ ‘ਖਰਾਬ’ ਸ਼੍ਰੇਣੀ ਵਿਚ ਸੀ। ਡਾਕਟਰਾਂ ਮੁਤਾਬਕ ਪ੍ਰਦੂਸ਼ਣ ਦਾ ਪੱਧਰ ਵਧਣ ਨਾਲ ਵਾਇਰਲ ਫਲੂ ਵਰਗੀਆਂ ਸਾਹ ਦੀਆਂ ਬੀਮਾਰੀਆਂ ਵਧ ਜਾਂਦੀਆਂ ਹਨ ਅਤੇ ਖਰਾਬ ਹਵਾ ਗੁਣਵੱਤਾ ਕਾਰਨ ਫ਼ੇਫੜਿਆਂ ‘ਚ ਸੋਜ ਆ ਜਾਂਦੀ ਹੈ ਅਤੇ ਇਸ ਨਾਲ ਵਾਇਰਸ ਤੋਂ ਪੀੜਤ ਹੋਣ ਦਾ ਖ਼ਦਸ਼ਾ ਵਧ ਜਾਂਦਾ ਹੈ। ਏਮਜ਼ ਵਿਚ ਮੈਡੀਸੀਨ ਮਹਿਕਮੇ ਵਿਚ ਐਸੋਸੀਏਟ ਪ੍ਰੋਫ਼ੈਸਰ ਡਾਕਟਰ ਨੀਰਜ ਨੇ ਕਿਹਾ ਕਿ ਇਹ ਪਰੀਖਣ ਕੇਂਦਰਾਂ ਲਈ ਅਜਿਹਾ ਸਮਾਂ ਹੋਵੇਗਾ, ਜਦੋਂ ਉਨ੍ਹਾਂ ਨੂੰ ਇਕੋ ਜਿਹੇ ਲੱਛਣਾਂ ਵਾਲੇ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਅਤੇ ਗੈਰ ਕੋਵਿਡ ਰੋਗੀਆਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਣਾ ਹੋਵੇਗਾ।

ਡਾਕਟਰਾਂ ਦਾ ਕਹਿਣਾ ਹੈ ਕਿ ਇਸ ਸਾਲ ਕੋਵਿਡ-19 (ਕੋਰੋਨਾ ਵਾਇਰਸ) ਦਾ ਕਹਿਰ ਹੈ। ਆਮ ਸਰਦੀ-ਜੁਕਾਮ ਵਾਂਗ ਪ੍ਰਦੂਸ਼ਣ ਦਾ ਪੱਧਰ ਵਧਣ ਨਾਲ ਵਾਇਰਸ ਦਾ ਇਨਫੈਕਸ਼ਨ ਵਧਣ ਦਾ ਖ਼ਦਸ਼ਾ ਹੈ। ਸਾਨੂੰ ਕੋਰੋਨਾ ਕੇਸਾਂ ਵਿਚ ਹੋਰ ਵਾਧਾ ਵੇਖਣ ਨੂੰ ਮਿਲ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਾਨੂੰ ਅਸਲ ‘ਚ ਨਹੀਂ ਪਤਾ ਕਿ ਵਾਇਰਸ ਅੱਗੇ ਕਿਹੋ ਜਿਹਾ ਰਹਿਣ ਵਾਲਾ ਹੈ ਪਰ ਪ੍ਰਦੂਸ਼ਣ ਪੱਧਰ ਵਧਣ ਅਤੇ ਸਰਦੀਆਂ ਆਉਣ ਨਾਲ ਸਾਨੂੰ ਖ਼ੁਦ ਨੂੰ ਸਭ ਤੋਂ ਖਰਾਬ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਦੀ ਲੋੜ ਹੈ। ਇਹ ਇਕ ਖ਼ਤਰਨਾਕ ਸੁਮੇਲ ਹੋਵੇਗਾ।