ਪਹਿਲੀ ਵਾਰ ਭਾਰਤੀ ਨੂੰ ਨਿਊਜ਼ੀਲੈਂਡ ‘ਚ ਮਿਲਿਆ ਮੰਤਰੀ ਦਾ ਅਹੁਦਾ

ਵੈਲਿੰਗਟਨ – ਨਿਊਜ਼ੀਲੈਂਡ ਦੇ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਨੂੰ ਮੰਤਰੀ ਬਣਨ ਦਾ ਮਾਣ ਹਾਸਿਲ ਹੋਇਆ ਹੈ। 41 ਸਾਲਾ ਪ੍ਰਿਯੰਕਾ ਰਾਧਾਕ੍ਰਿਸ਼ਨਨ ਪਹਿਲੀ ਭਾਰਤੀ ਮੂਲ ਦੀ ਨਾਗਰਿਕ ਹੈ ਜਿਸ ਨੂੰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਨੇ ਆਪਣੇ ਮੰਤਰੀਮੰਡਲ ‘ਚ ਸ਼ਾਮਲ ਕੀਤਾ ਹੈ। ਹਾਲ ਹੀ ਵਿੱਚ ਜੇਸਿੰਡਾ ਅਰਡਰਨ ਦੀ ਅਗਵਾਈ ਹੇਠ ਲੇਬਰ ਪਾਰਟੀ ਨੇ ਦੇਸ਼ ਦੀਆਂ ਆਮ ਚੋਣਾਂ ‘ਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਸੀ।

ਭਾਰਤ ਦੇ ਵਿੱਚ ਜਨਮੀ ਤੇ ਲੇਬਰ ਪਾਰਟੀ ਦੀ ਲੀਡਰ ਪ੍ਰਿਯੰਕਾ ਨੇ ਕਿਹਾ ਹੈ ਕਿ, ‘ਅੱਜ ਬਹੁਤ ਹੀ ਖਾਸ ਦਿਨ ਹੈ। ਮੈਂ ਸਰਕਾਰ ਦਾ ਹਿੱਸਾ ਬਣਨ ਦੀ ਵਿਸ਼ੇਸ਼ ਭਾਵਨਾ ਨਾਲ ਭਰੀ ਹੋਈ ਹਾਂ।’ ਕਿਹ ਕਿ, ‘ਮੈਨੂੰ ਵਧਾਈ ਸੰਦੇਸ਼ ਭੇਜਣ ਵਾਲਿਆਂ ਦਾ ਬਹੁਤ-ਬਹੁਤ ਸ਼ੁਕਰੀਆ। ਮੰਤਰੀ ਨਿਯੁਕਤ ਕੀਤੇ ਜਾਣ ‘ਤੇ ਬਹੁਤ ਖੁਸ਼ ਹਾਂ ਤੇ ਇਸ ਕਾਰਜਕਾਲ ‘ਚ ਮੰਤਰੀਆਂ ਦੇ ਸਮੂਹ ਨਾਲ ਕੰਮ ਕਰਨ ਲਈ ਉਤਸ਼ਾਹਤ ਹਾਂ।’

ਪ੍ਰਿਯੰਕਾ ਚੇਨੱਈ ‘ਚ ਜਨਮੀ ਸੀ। ਪਰ ਉਨ੍ਹਾਂ ਦਾ ਪਰਿਵਾਰ ਕੇਰਲ ਦੇ ਪਾਰਾਵੂਰ ਤੋਂ ਹੈ। ਉਨ੍ਹਾਂ ਸਕੂਲ ਤਕ ਪੜ੍ਹਾਈ ਸਿੰਗਾਪੁਰ ‘ਚ ਕੀਤੀ ਤੇ ਫਿਰ ਅੱਗੇ ਦੀ ਪੜ੍ਹਾਈ ਲਈ ਉਹ ਨਿਊਜ਼ੀਲੈਂਡ ਆ ਗਈ। ਉਨ੍ਹਾਂ ਲਗਾਤਾਰ ਘਰੇਲੂ ਹਿੰਸਾ ਦੀਆਂ ਪੀੜਤ ਮਹਿਲਾਵਾਂ ਤੇ ਸੋਸ਼ਣ ਦਾ ਸ਼ਿਕਾਰ ਹੋਏ ਪਰਵਾਸੀ ਮਜ਼ਦੂਰਾਂ ਲਈ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਦੀ ਆਵਾਜ਼ ਅਕਸਰ ਅਣਸੁਣੀ ਕੀਤੀ ਜਾਂਦੀ ਰਹੀ ਹੈ।

ਪ੍ਰਿਯੰਕਾ ਰਾਧਾਕ੍ਰਿਸ਼ਨਨ ਲੇਬਰ ਪਾਰਟੀ ਵੱਲੋਂ ਪਹਿਲੀ ਵਾਰ ਸਤੰਬਰ, 2017 ‘ਚ ਸੰਸਦ ਦੀ ਮੈਂਬਰ ਚੁਣੀ ਗਈ ਸੀ। ਸਾਲ 2019 ”ਚ ਉਨ੍ਹਾਂ ਨੂੰ ਜਾਤੀ ਭਾਈਚਾਰਿਆਂ ਦੇ ਮੰਤਰੀ ਦੀ ਸੰਸਦੀ ਨਿੱਜੀ ਸਕੱਤਰ ਨਿਯੁਕਤ ਕੀਤਾ ਸੀ। ਇਸ ਖੇਤਰ ‘ਚ ਉਨ੍ਹਾਂ ਦੇ ਕੰਮ ਨੇ ਮੰਤਰੀ ਦੇ ਰੂਪ ‘ਚ ਉਨ੍ਹਾਂ ਦੀ ਨਵੀਂ ਭੂਮਿਕਾ ਲਈ ਉਨ੍ਹਾਂ ਦਾ ਆਧਾਰ ਤਿਆਰ ਕੀਤਾ। ਇਸ ਤਹਿਤ ਉਹ ਭਾਈਚਾਰਕ ਤੇ ਸਵੈਇੱਛੁਕ ਖੇਤਰ ਦੀ ਮੰਤਰੀ ਤੇ ਸਮਾਜਿਕ ਵਿਕਾਸ ਤੇ ਰੋਜ਼ਾਗਰ ਮੰਤਰਾਲੇ ਦੀ ਸਹਾਇਕ ਮੰਤਰੀ ਵੀ ਬਣੀ ਹੈ। ਪ੍ਰਿਯੰਕਾ ਭਾਰਤੀ-ਨਿਊਜ਼ੀਲੈਂਡ ਮੂਲ ਦੀ ਪਹਿਲੀ ਮੰਤਰੀ ਹੈ ਤੇ ਉਹ ਆਪਣੇ ਪਤੀ ਨਾਲ ਆਕਲੈਂਡ ਰਹਿੰਦੀ ਹੈ।

ਇਸੇ ਦੌਰਾਨ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਨੇ ਨਵੇਂ ਮੰਤਰੀਆਂ ਦਾ ਐਲਾਨ ਕਰਦਿਆਂ ਕਿਹਾ, ‘ਮੈਂ ਕੁਝ ਨਵੇਂ ਟੇਲੈਂਟ, ਜ਼ਮੀਨੀ ਪੱਧਰ ਦਾ ਅਨੁਭਵ ਰੱਖਣ ਵਾਲੇ ਲੋਕਾਂ ਨੂੰ ਸ਼ਾਮਲ ਕਰਨ ਨੂੰ ਲੈਕੇ ਉਤਸ਼ਾਹਤ ਹਾਂ।’