ਮੋਦੀ ਵਲੋਂ ਜੋ ਬਾਈਡੇਨ ਤੇ ਕਮਲਾ ਹੈਰਿਸ ਨੂੰ ਜਿੱਤ ਦੀਆਂ ਵਧਾਈਆਂ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਇਸ ਦੌਰਾਨ ਆਪਸੀ ਰਣਨੀਤਿਕ ਭਾਈਵਾਲੀ ਪ੍ਰਤੀ ਵਚਨਬੱਧਤਾ ਜਤਾਈ ਅਤੇ ਕੋਵਿਡ-19 ਮਹਾਮਾਰੀ, ਜਲਵਾਯੂ ਪਰਿਵਰਤਨ ਅਤੇ ਭਾਰਤ-ਪ੍ਰਸ਼ਾਂਤ ਖੇਤਰ ‘ਚ ਸਹਿਯੋਗ ਨੂੰ ਲੈ ਕੇ ਤਰਜੀਹਾਂ ਅਤੇ ਚੁਣੌਤੀਆਂ ‘ਤੇ ਚਰਚਾ ਕੀਤੀ।ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਲਈ ਹੋਈਆਂ ਚੋਣਾਂ ‘ਚ ਬਾਈਡੇਨ ਦੀ ਜਿੱਤ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਗੱਲਬਾਤ ਹੈ। ਪ੍ਰਧਾਨ ਮੰਤਰੀ ਨੇ ਅਮਰੀਕਾ ਦੀ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਫਲਤਾ ਭਾਰਤੀ ਅਮਰੀਕੀ ਭਾਈਚਾਰੇ ਲਈ ਮਾਣ ਅਤੇ ਪ੍ਰੇਰਣਾ ਦੀ ਗੱਲ ਹੈ। ਇਹ ਭਾਈਚਾਰਾ ਭਾਰਤ-ਅਮਰੀਕਾ ਸੰਬੰਧਾਂ ਦੀ ਮਜ਼ਬੂਤੀ ਦਾ ਮਹਤੱਵਪੂਰਨ ਸਰੋਤ ਹੈ।

ਪੀਐਮ ਮੋਦੀ ਨੇ ਖ਼ੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਪ੍ਰਤੀ ਆਪਣੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ ਅਤੇ ਸਾਡੀਆਂ ਸਾਂਝੀਆਂ ਤਰਜੀਹਾਂ ਅਤੇ ਚਿੰਤਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਨਵੇਂ ਉਪ ਰਾਸ਼ਟਰਪਤੀ ਇਲੈਕਟ ਕਮਲਾ ਹੈਰਿਸ ਨਾਲ ਵੀ ਫੋਨ ‘ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕਮਲਾ ਹੈਰਿਸ ਦੀ ਜਿੱਤ ਭਾਰਤੀ-ਅਮਰੀਕੀ ਕਮਿਊਨਿਟੀ ਦੇ ਮੈਂਬਰਾਂ ਲਈ ਬਹੁਤ ਮਾਣ ਅਤੇ ਪ੍ਰੇਰਣਾ ਦੀ ਗੱਲ ਹੈ, ਜਿਹੜੇ ਭਾਰਤ-ਅਮਰੀਕਾ ਸਬੰਧਾਂ ਲਈ ਇੱਕ ਜ਼ਬਰਦਸਤ ਮਾਧਿਅਮ ਹਨ।

ਅਹਿਮ ਗੱਲ ਹੈ ਕਿ ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਜੋਅ ਬਾਇਡਨ ਨੂੰ ਜਿੱਤ ਲਈ ਵਧਾਈ ਦਿੱਤੀ ਸੀ। ਨਾਲ ਹੀ, ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਵੀ ਅਮਰੀਕਾ ਦੀ ਉਪ ਰਾਸ਼ਟਰਪਤੀ ਬਣਨ ‘ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਸੀ। ਪੀਐਮ ਮੋਦੀ ਨੇ ਉਮੀਦ ਜਤਾਈ ਸੀ ਕਿ ਬਾਇਡਨ-ਹੈਰਿਸ ਪ੍ਰਸ਼ਾਸਨ ਨਾਲ ਭਾਰਤ-ਅਮਰੀਕਾ ਦੇ ਰਿਸ਼ਤੇ ਨਵੀਂਆਂ ਉਚਾਈਆਂ ਨੂੰ ਛੂਹਣਗੇ।