ਫਿਲਮ ਨਿੱਕਾ ਜ਼ੈਲਦਾਰ ਦਾ ਪ੍ਰੋਡਿਊਸਰ ਗ੍ਰਿਫਤਾਰ

ਮਾਨਸਾ – ਪੁਲਿਸ ਨੇ ਜਗਦੀਸ਼ ਭੋਲਾ ਡਰੱਗ ਰੈਕੇਟ ਵਿਚ ਭਗੌੜੇ ਹੋਏ ਹਰਪ੍ਰੀਤ ਸਿੰਘ ਅਤੇ ਮਸ਼ਹੂਰ ਪੰਜਾਬੀ ਫਿਲਮ ਨਿੱਕਾ ਜ਼ੈਲਦਾਰ ਦੇ ਨਿਰਮਾਤਾ ਅਮਨੀਤ ਸ਼ੇਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਉਹਨਾਂ ਕੋਲੋਂ 32 ਬੋਰ ਪਿਸਤੌਲ ਸਮੇਤ 14 ਕਾਰਤੂਸ, ਰਾਈਫਲ 30 ਬੋਰ ਸਮੇਤ 12 ਕਾਰਤੂਸ, 5 ਕਾਰਤੂਸ, 12 ਬੋਰ ਬੰਦੂਕ ਅਤੇ ਜਾਅਲੀ ਦਸਤਾਵੇਜ਼ ਤੇ ਇਕ ਔਡੀ ਕਾਰ ਬਰਾਮਦ ਕੀਤੀ ਹੈ।

ਹਰਪ੍ਰੀਤ ਸਿੰਘ ਖਿਲਾਫ਼ ਪਹਿਲਾਂ ਵੀ ਫ਼ਤਹਿਗੜ੍ਹ ਸਾਹਿਬ ਵਿਖੇ ਆਈਪੀਸੀ ਅਤੇ ਐਨਡੀਪੀਐਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ। ਉਸ ਨੂੰ ਮਾਰਚ 2013 ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ। ਪੁਲਿਸ ਨੇ ਮੁਲਜ਼ਮ ਕੋਲੋਂ ਇਕ ਜਾਅਲੀ ਪਾਸਪੋਰਟ ਅਤੇ ਅਧਾਰ ਕਾਰਡ ਬਰਾਮਦ ਕੀਤੇ ਹਨ। ਪੁਲਿਸ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਹਰਪ੍ਰੀਤ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਿਹਾ ਸੀ। ਐਸਐਸਐਪੀ ਸੁਰਿੰਦਰ ਸਿੰਘ ਲਾਂਬਾ ਨੇ ਦੱਸਿਆ ਕਿ ਪੁਲਿਸ ਨੇ ਜਾਅਲੀ ਦਸਤਾਵੇਜ਼ ਤੋਂ ਇਲਾਵਾ ਹਥਿਆਰ ਅਤੇ ਕਾਰ ਵੀ ਬਰਾਮਦ ਕੀਤੀ ਹੈ। ਐਸਐਸਪੀ ਨੇ ਤਸਕਰੀ ਵਿਚ ਮੁਲਜ਼ਮਾਂ ਦੇ ਅੰਤਰਰਾਸ਼ਟਰੀ ਲਿੰਕ ਹੋਣ ਦਾ ਦਾਅਵਾ ਕੀਤਾ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਜਾਂਚ ਜਾਰੀ ਹੈ ਤੇ ਉਹਨਾਂ ਨੂੰ ਉਮੀਦ ਹੈ ਕਿ ਜਾਂਚ ਵਿਚ ਨਵੇਂ ਤੱਥਾਂ ਦਾ ਪ੍ਰਗਟਾਵਾ ਹੋਵੇਗਾ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਨਸਾ ਸਿਟੀ -2 ਥਾਣੇ ਵਿਚ ਆਈਪੀਸੀ ਅਤੇ ਆਰਮਜ਼ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸਐਸਪੀ ਲਾਂਬਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਚਾਰ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਨਸ਼ਾ ਤਸਕਰ ਦੇ ਨਾਲ ਪੰਜਾਬੀ ਫਿਲਮ ਨਿਰਮਾਤਾ ਦੀ ਗ੍ਰਿਫਤਾਰੀ ਇਕ ਵੱਡਾ ਸਵਾਲ ਖੜ੍ਹਾ ਕਰ ਰਹੀ ਹੈ, ਜਿਸ ਦੇ ਚਲਦਿਆਂ ਪੁਲਿਸ ਇਸ ਕੇਸ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ।

ਵਰਨਣਯੋਗ ਹੈ ਕਿ ਮਾਨਸਾ ਪੁਲਿਸ ਨੇ ਨਸ਼ਾ ਤਸਕਰੀ ਦੇ ਕੇਸ ‘ਚ 6 ਵਰਿ੍ਹਆਂ ਤੋਂ ਭਗੌੜੇ ਹਰਪ੍ਰੀਤ ਸਿੰਘ ਉਰਫ਼ ਰੌਕੀ ਵਾਸੀ ਬਣਾਂਵਾਲਾ (ਪਟਿਆਲਾ) ਨੂੰ ਗਿ੍ਫ਼ਤਾਰ ਕਰਨ ਦੇ ਨਾਲ ਉਸ ਦੇ ਸਾਥੀ ਅਮਨੀਤਸ਼ੇਰ ਸਿੰਘ ਨੂੰ ਕਾਬੂ ਕੀਤਾ ਜੋ ਪੰਜਾਬੀ ਫ਼ਿਲਮ ਨਿੱਕਾ ਜ਼ੈਲਦਾਰ 1, 2, 3 ਦਾ ਨਿਰਮਾਤਾ ਹੈ | ਪੁਲਿਸ ਅਨੁਸਾਰ ਇਨ੍ਹਾਂ ਵਿਅਕਤੀਆਂ ਦੇ ਅੰਤਰਰਾਜੀ ਡਰੱਗ ਤਸਕਰ ਜਗਦੀਸ਼ ਭੋਲਾ ਨਾਲ ਸਬੰਧ ਦੱਸੇ ਜਾਂਦੇ ਹਨ | ਅਮਨੀਤਸ਼ੇਰ ਸਿੰਘ ਦੀ ਗਿ੍ਫ਼ਤਾਰੀ ਨਾਲ ਪੰਜਾਬੀ ਫ਼ਿਲਮੀ ਖੇਤਰ ‘ਚ ਡਰੱਗ ਮਨੀ ਲਗਾਏ ਜਾਣ ਸਬੰਧੀ ਚਰਚਾ ਛਿੜ ਗਈ ਹੈ | ਪੁਲਿਸ ਮੁਤਾਬਿਕ ਹਰਪ੍ਰੀਤ ਸਿੰਘ ਵਿਰੁੱਧ ਪਹਿਲਾਂ ਵੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮਾ ਦਰਜ ਹੋਇਆ ਸੀ, ਉਸ ਕੋਲੋਂ 10 ਕਿੱਲੋਗ੍ਰਾਮ ਨਸ਼ੀਲਾ ਪਾਊਡਰ ਫੜਿਆ ਗਿਆ ਸੀ | ਉਹ 2014 ਤੋਂ ਭਗੌੜਾ ਚੱਲਿਆ ਆ ਰਿਹਾ ਸੀ ਅਤੇ ਉਹ ਪਛਾਣ ਛੁਪਾ ਕੇ ਚੰਡੀਗੜ੍ਹ ਤੇ ਨੇੜਲੇ ਇਲਾਕਿਆਂ ‘ਚ ਰਹਿ ਰਿਹਾ ਸੀ | ਉਕਤ ਕੋਲੋਂ ਮਾਨਸਾ ਪੁਲਿਸ ਨੇ ਪਿਸਤੌਲ 32 ਬੋਰ (ਚੈਕੋਸਲੋਵਾਕੀਆ ਕੰਪਨੀ) ਸਮੇਤ 14 ਜਿੰਦਾ ਕਾਰਤੂਸ, ਰਾਈਫ਼ਲ 30 ਬੋਰ ਤੇ 12 ਕਾਰਤੂਸ, 12 ਬੋਰ ਬੰਦੂਕ, 5 ਕਾਰਤੂਸ, ਜਾਅਲੀ ਦਸਤਾਵੇਜ਼ (ਪਾਸਪੋਰਟ, ਆਧਾਰ ਕਾਰਡ ਵਗ਼ੈਰਾ) ਅਤੇ ਔਡੀ ਕਾਰ ਬਰਾਮਦ ਕਰ ਕੇ ਥਾਣਾ ਸ਼ਹਿਰੀ-2 ਮਾਨਸਾ ‘ਚ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ |